ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਇਥੇ ਵਿਸ਼ੇਸ਼ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਛੇ-ਨੁਕਾਤੀ ਸਹਿਮਤੀ ਬਣੀ ਜਿਨ੍ਹਾਂ ਵਿੱਚ ਸਰਹੱਦਾਂ ’ਤੇ ਸ਼ਾਂਤੀ ਬਰਕਰਾਰ ਰੱਖਣਾ ਅਤੇ ਸਬੰਧਾਂ ਦੇ ਮਜ਼ਬੂਤ ਤੇ ਪਾਏਦਾਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕਣੇ ਜਾਰੀ ਰੱਖਣਾ ਸ਼ਾਮਲ ਹੈ। ਦੋਵੇਂ ਧਿਰਾਂ ਨੇ ਅਗਲੇ ਸਾਲ ਭਾਰਤ ’ਚ ਵਿਸ਼ੇਸ਼ ਨੁਮਾਇੰਦਿਆਂ ਦੀ ਮੀਟਿੰਗ ਦਾ ਨਵਾਂ ਦੌਰ ਕਰਵਾਉਣ ’ਤੇ ਵੀ ਸਹਿਮਤੀ ਜਤਾਈ। ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਪੰਜ ਸਾਲਾਂ ਦੇ ਵਕਫ਼ੇ ਮਗਰੋਂ ਹੋਈ ਪਹਿਲੀ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਸਰਹੱਦੀ ਮੁੱਦਿਆਂ ’ਤੇ ਦੋਵਾਂ ਮੁਲਕਾਂ ਵਿਚਾਲੇ ਬਣੀ ਸਹਿਮਤੀ ਦਾ ਸਕਾਰਾਤਮਕ ਮੁਲਾਂਕਣ ਕੀਤਾ ਅਤੇ ਇਸ ਨੂੰ ਲਾਗੂ ਕਰਦੇ ਰਹਿਣ ਦੀ ਗੱਲ ਦੁਹਰਾਈ। ਬਿਆਨ ਮੁਤਾਬਕ ਦੋਵਾਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਰਹੱਦ ਦੇ ਮੁੱਦੇ ਨੂੰ ਦੁਵੱਲੇ ਸਬੰਧਾਂ ਦੀ ਸਮੁੱਚੀ ਸਥਿਤੀ ਤੋਂ ਠੀਕ ਢੰਗ ਨਾਲ ਸੰਭਾਲਣਾ ਚਾਹੀਦਾ ਹੈ ਤਾਂ ਕਿ ਸਬੰਧਾਂ ਦੇ ਵਿਕਾਸ ’ਤੇ ਅਸਰ ਨਾ ਪਵੇ। ਦੋਵਾਂ ਨੁਮਾਇੰਦਿਆਂ ਨੇ 2005 ਦੇ ਸਰਹੱਦ ਮੁੱਦੇ ਦੇ ਹੱਲ ਲਈ ਰਾਜਨੀਤਕ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਰਪੱਖ, ਢੁੱਕਵੇਂ ਅਤੇ ਸਵੀਕਾਰਨਯੋਗ ਹੱਲ ਲੱਭਣੇ ਜਾਰੀ ਰੱਖਣ ਅਤੇ ਸਕਾਰਾਤਮਕ ਕਦਮ ਚੁੱਕਣ ਦੀ ਵਚਨਬੱਧਤਾ ਦੁਹਰਾਈ। ਇਸੇ ਮਗਰੋਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਚੀਨ ਦੇ ਉਪ ਰਾਸ਼ਟਰਪਤੀ ਹਾਨ ਝੇਂਗ ਨਾਲ ਗੱਲਬਾਤ ਕੀਤੀ।