ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ ਵਿਚ ਮਤਾ ਲਿਆਉਣ ਲਈ ਦਿੱਤੇ ਨੋਟਿਸ ਤੋਂ ਇਕ ਦਿਨ ਮਗਰੋਂ ਵਿਰੋਧੀ ਧਿਰ ਨੇ ਅੱਜ ਦਾਅਵਾ ਕੀਤਾ ਕਿ ਸਦਨ ਦੀ ਕਾਰਵਾਈ ਵਿਚ ਪੈਂਦੇ ਅੜਿੱਕੇ ਲਈ ਖ਼ੁਦ ਚੇਅਰਮੈਨ ਜ਼ਿੰਮੇਵਾਰ ਹਨ, ਜੋ ਸਰਕਾਰ ਦੇ ਤਰਜਮਾਨ ਵਜੋਂ ਕੰਮ ਕਰ ਰਹੇ ਹਨ। ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਉਪਰਲੇ ਸਦਨ ਵਿਚ ਸਿਆਸਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਵਿਰੋਧੀ ਧਿਰਾਂ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ।
‘ਇੰਡੀਆ’ ਗੱਠਜੋੜ ਦੇ ਆਗੂਆਂ ਵੱਲੋਂ ਇਥੇ ਕੰਸਟੀਟਿਊਸ਼ਨ ਕਲੱਬ ਵਿਚ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘‘ਰਾਜ ਸਭਾ ਦੀ ਕਾਰਵਾਈ ਵਿਚ ਪੈਂਦੇ ਅੜਿੱਕੇ ਦੀ ਮੁੱਖ ਵਜ੍ਹਾ ਚੇਅਰਮੈਨ (ਧਨਖੜ) ਖ਼ੁਦ ਹਨ। ਉਹ ਸਰਕਾਰ ਦੇ ਤਰਜਮਾਨ ਵਜੋਂ ਕੰਮ ਕਰ ਰਹੇ ਹਨ। ਉਹ ਹੈੱਡਮਾਸਟਰ ਵਾਂਗ ਵਿਚਰਦਿਆਂ ਅਕਸਰ ਵਿਰੋਧੀ ਧਿਰ ਦੇ ਤਜਰਬੇਕਾਰ ਆਗੂਆਂ ਨੂੰ ਪ੍ਰਵਚਨ ਦਿੰਦੇ ਹਨ ਤੇ ਉਨ੍ਹਾਂ ਨੂੰ ਸਦਨ ਵਿਚ ਬੋਲਣ ਤੋਂ ਰੋਕਦੇ ਹਨ।’’ ਖੜਗੇ ਨੇ ਕਿਹਾ, ‘‘ਰਾਜ ਸਭਾ ਦੇ ਚੇਅਰਮੈਨ ਦਾ ਵਤੀਰਾ ਉਨ੍ਹਾਂ ਦੇ ਅਹੁਦੇ ਦੀ ਸ਼ਾਨ ਦੇ ਬਿਲਕੁਲ ਉਲਟ ਹੈ। ਉਹ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਂਦੇ ਤੇ ਅਕਸਰ ਸਰਕਾਰ ਦੇ ਸੋਹਲੇ ਗਾਉਂਦੇ ਹਨ।’’ ਉਨ੍ਹਾਂ ਦਾਅਵਾ ਕੀਤਾ, ‘‘ਰਾਜ ਸਭਾ ਵਿਚ ਸਿਆਸਤ ਦਾ ਬੋਲਬਾਲਾ ਹੈ ਤੇ ਚੇਅਰਮੈਨ ਦਾ ਵਤੀਰਾ ਪੱਖਪਾਤੀ ਹੈ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ 1952 ਤੋਂ ਹੁਣ ਤੱਕ ਸੰਵਿਧਾਨ ਦੀ ਧਾਰਾ 67 ਤਹਿਤ ਕੋਈ ਮਤਾ ਨਹੀਂ ਲਿਆਂਦਾ ਗਿਆ, ਕਿਉਂਕਿ ਅਤੀਤ ਵਿਚ ਉਪ ਰਾਸ਼ਟਰਪਤੀ ਦੇ ਅਹੁਦੇ ਉੱਤੇ ਰਹੀਆਂ ਸ਼ਖ਼ਸੀਅਤਾਂ ਕਦੇ ਸਿਆਸਤ ਵਿਚ ਨਹੀਂ ਪਈਆਂ ਤੇ ਉਹ ਨਿਰਪੱਖ ਰਹੇ। ਉਨ੍ਹਾਂ ਕਿਹਾ, ‘‘ਰਾਜ ਸਭਾ ਦੇ ਚੇਅਰਮੈਨ ਨੂੰ ਹਟਾਉਣ ਲਈ ਦਿੱਤਾ ਨੋਟਿਸ ਕਿਸੇ ਖਿਲਾਫ਼ ਨਿੱਜੀ ਰੰਜਿਸ਼ ਜਾਂ ਸਿਆਸੀ ਲੜਾਈ ਨਹੀਂ ਹੈ। ਅਸੀਂ ਉਨ੍ਹਾਂ ਦੇ ਵਤੀਰੇ ਤੇ ਪੱਖਪਾਤੀ ਰਵੱਈਏ ਤੋਂ ਅੱਕ ਗਏ ਸੀ। ਇਹੀ ਵਜ੍ਹਾ ਹੈ ਕਿ ਅਸੀਂ ਉਨ੍ਹਾਂ ਨੂੰ ਹਟਾਉਣ ਦਾ ਨੋਟਿਸ ਦਿੱਤਾ ਹੈ।’’ ਡੀਐੱਮਕੇ ਆਗੂ ਤਿਰੂਚੀ ਸ਼ਿਵਾ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਵੱਲੋੋਂ ਦੇਸ਼ ਦੀ ਜਮਹੂਰੀਅਤ ’ਤੇ ਸੰਗੀਨ ਹਮਲੇ ਕੀਤੇ ਜਾ ਰਹੇ ਹਨ। ਤ੍ਰਿਣਮੂਲ ਕਾਂਗਰਸ ਦੇ ਨਦੀਮੁੱਲ ਹੱਕ ਨੇ ਕਿਹਾ ਕਿ ਉੁਹ ਖੜਗੇ ਦੀ ਇਸ ਗੱਲ ਨਾਲ ਸਹਿਮਤ ਹਨ ਕਿ ‘‘ਸਾਨੂੰ ਰਾਜ ਸਭਾ ਵਿਚ ਆਪਣੀ ਗੱਲ ਰੱਖਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਰਹੀ ਹੈ।’’ ਸ਼ਿਵ ਸੈਨਾ ਯੂਬੀਟੀ ਆਗੂ ਸੰਜੈ ਰਾਊਤ ਨੇ ਕਿਹਾ, ‘‘ਇੰਜ ਲੱਗਦਾ ਹੈ ਕਿ ਚੇਅਰਮੈਨ ਸੰਸਦ ਨਹੀਂ ਬਲਕਿ ਸਰਕਸ ਚਲਾ ਰਹੇ ਹਨ। ਉਹ ਖੁ਼ਦ ਬੋਲ ਕੇ ਸਾਰਾ ਸਮਾਂ ਖਾ ਜਾਂਦੇ ਹਨ।’’ ਟੀਐੱਮਸੀ ਦੀ ਸਾਗਰਿਕਾ ਘੋਸ਼, ਆਰਜੇਡੀ ਦੇ ਮਨੋਜ ਝਾਅ, ਸਪਾ ਦੇ ਜਾਵੇਦ ਅਲੀ ਖ਼ਾਨ, ਐੱਨਸੀਪੀ (ਐੱਸਪੀ) ਆਗੂ ਫ਼ੌਜ਼ੀਆ ਖ਼ਾਨ ਤੇ ਜੇਐੱਮਐੱਸ ਦੇ ਸਰਫ਼ਰਾਜ਼ ਖ਼ਾਨ ਮੌਜੂਦ ਸਨ।