ਮੈਲਬਰਨ (ਹਰਪ੍ਰੀਤ ਸਿੰਘ) - ਮਿਤੀ 14 ਜੁਲਾਈ 2019 ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ ਮੈਲਬਰਨ ਵੱਲੋਂ ਪੰਜਾਬ ਤੋਂ ਆਸਟ੍ਰੇਲੀਆ ਫੇਰੀ ਤੇ ਪਹੁੰਚੇ ਹੋਏ ਸਤਿਕਾਰਯੋਗ ਰਣਜੀਤ ਫਰਵਾਲੀ ਜੀ (ਉੱਘੇ ਕਵੀ) ਤੇ ਜਗਦੀਪ ਜੋਗਾ ਜੀ (ਕਵੀ ਅਤੇ ਸਟੇਜਾਂ ਦੇ ਰਾਜਾ) ਨਾਲ ਇੱਕ ਸਾਹਿਤਕ ਮਿਲਣੀ ਕਰਾਈ ਗਈ, ਇਹ ਪ੍ਰੋਗਰਾਮ ਸੱਥ ਦੀ ਸਟੇਜ ਸਕੱਤਰ ਤੇ ਕਵਿਤਰੀ ਮਧੂ ਤਨਹਾ ਦੇ ਗ੍ਰਹਿ ਵਿਖੇ ਉਲੀਕਿਆ ਗਿਆ, ਜਿਸ ਵਿੱਚ ਪੰਜਾਬੀ ਸੱਥ ਦੀ ਸੇਵਾ ਨਿਭਾਅ ਰਹੇ ਸੇਵਾਦਾਰਾਂ ਬਿੱਕਰ ਬਾਈ, ਕੁਲਜੀਤ ਕੌਰ ਗ਼ਜ਼ਲ ਤੇ ਹਰਪ੍ਰੀਤ ਸਿੰਘ ਤਲਵੰਡੀ ਖੁੰਮਣ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੇਖਕਾਂ ਤੇ ਪਾਠਕਾਂ ਨੇ ਹਿੱਸਾ ਲਿਆ ਤੇ ਦੋਵਾਂ ਸਖਸ਼ੀਅਤਾਂ ਨਾਲ ਸਾਹਿਤਕ ਵਿਚਾਰ ਵਟਾਂਦਰਾ ਕੀਤਾ ਗਿਆ, ਪ੍ਰੋਗਰਾਮ ਵਿੱਚ ਕਵਿਤਾ ਤੇ ਗੀਤਾਂ ਦੌਰਾਨ ਹਾਜ਼ਰੀਨ ਸਰੋਤਿਆਂ ਵੱਲੋਂ ਰਾਤ ਦੇ ਖਾਣੇ ਦਾ ਆਨੰਦ ਵੀ ਮਾਣਿਆ ਗਿਆ!
ਇਸ ਪ੍ਰੋਗਰਾਮ ਦੇ ਪਹਿਲੇ ਮੁੱਖ ਮਹਿਮਾਨ ਸ. ਰਣਜੀਤ ਫਰਵਾਲੀ ਜੀ ਕਿੱਤੇ ਵਜੋਂ ਆਰਮੀ ਵਿੱਚੋਂ ਸੇਵਾ ਮੁਕਤ ਨੇ, ਉਹ ਪੰਜਾਬੀ ਕਵੀ ਵਜੋਂ ਆਪਣੀ ਸੇਵਾ ਨਿਭਾਉਂਦੇ ਹੋਏ ਆਪਣਾ ਪਹਿਲਾ ਕਾਵ ਸੰਗ੍ਰਹਿ 'ਦੀਪ ਜੋਤ' ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ, ਪੰਜਾਬੀ ਜਗਤ ਵਿੱਚ ਰਣਜੀਤ ਫਰਵਾਲੀ ਤੇ ਬਲਵੰਤ ਫਰਵਾਲੀ ਜੀ ਦੋਂਵੇਂ ਭਰਾਵਾਂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ, ਉਹਨਾਂ ਦੀਆਂ ਰਚਨਾਵਾਂ ਪੰਜਾਬੀ ਦੇ ਲਗਭਗ ਸਾਰੇ ਹੀ ਪਰਚਿਆਂ ਤੇ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ, ਇਹ ਪੰਜਾਬੀ ਦੀਆਂ ਬਹੁਤ ਸਾਰੀਆਂ ਸਾਹਤਿਕ ਸਭਾਵਾਂ ਨਾਲ ਜੁੜੇ ਹੋਏ ਹਨ, ਇਸ ਪ੍ਰੋਗਰਾਮ ਵਿੱਚ ਵੀ ਰਣਜੀਤ ਜੀ ਨੇ ਪੰਜਾਬੀ ਸਮਾਜਿਕ, ਰਾਜਨੀਤਿਕ, ਭਾਈਚਾਰਕ ਤੇ ਆਰਥਿਕ ਸਮੱਸਿਆਵਾਂ ਬਾਰੇ ਚਾਨਣਾ ਪਾਉਂਦੀਆਂ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨਿਆਂ!
ਪ੍ਰੋਗਰਾਮ ਦੇ ਦੂਸਰੇ ਮੁੱਖ ਮਹਿਮਾਨ 'ਜਗਦੀਪ ਜੋਗਾ' ਜੀ ਆਪਣੇ ਕੁਝ ਦੋਸਤਾਂ ਸਮੇਤ ਪ੍ਰੋਗਰਾਮ ਵਿੱਚ ਹਾਜ਼ਿਰ ਹੋਏ! ਜ਼ਿਕਰਯੋਗ ਹੈ ਕਿ ਸੱਭਿਆਚਾਰਕ ਮੇਲਿਆਂ ਦੀ ਜਾਨ ਜਗਦੀਪ ਜੋਗਾ ਜੀ ਬਿੱਕਰ ਬਾਈ ਜੀ ਦੇ ਬਹੁਤ ਪੁਰਾਣੇ ਆੜੀ ਵੀ ਨੇ ਤੇ ਅੱਜਕੱਲ 'ਦੀ ਲੈਂਡਰਜ' ਦੀ ਟੀਮ ਲੈ ਕੇ ਆਸਟ੍ਰੇਲੀਆ ਫੇਰੀ ਤੇ ਹਨ, ਪ੍ਰੋਗਰਾਮ ਵਿੱਚ ਰੂ-ਬਰੂ ਦੌਰਾਨ ਉਹਨਾਂ ਪੰਜਾਬੀ ਸੱਥ ਲਈ ਆਪਣੀਆਂ ਸ਼ੁਭ-ਇੱਛਾਵਾਂ ਭੇਟਾ ਕਰਦੇ ਹੋਏ ਸੱਥ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਸੱਥ ਦੀਆਂ ਕਾਰਗੁਜਾਰੀਆਂ ਲਈ ਵਧਾਈ ਵੀ ਦਿੱਤੀ! ਉਹਨਾਂ ਆਪਣੇ ਗੀਤਾਂ ਨਾਲ ਮਹਿਫ਼ਲ ਨੂੰ ਅਨੰਦਿਤ ਵੀ ਕੀਤਾ!
ਇਸ ਪ੍ਰੋਗਰਾਮ ਦੀ ਇੱਕ ਹੋਰ ਵੀ ਵੱਡੀ ਵਿਸ਼ੇਸ਼ਤਾ ਇਹ ਕੇ ਪੰਜਾਬ ਤੋਂ ਮੈਲਬਰਨ ਆਏ ਪ੍ਰਸਿੱਧ ਲੇਖਕ 'ਸੁੱਚਾ ਸਿੰਘ ਰੰਧਾਵਾ' ਜੀ ਨੇ ਵੀ ਸ਼ਿਰਕਤ ਕਰਕੇ ਸੱਥ ਦਾ ਮਾਣ ਵਧਾਇਆ, ਉਹਨਾਂ ਨੇ ਆਪਣੀਆਂ ਰਚਨਾਵਾਂ ਨਾਲ ਮਹਿਫ਼ਿਲ ਨੂੰ ਸਜਾਈ ਰੱਖਿਆ!
ਪੰਜਾਬੀ ਸੱਥ ਮੈਲਬਰਨ ਦੀ ਸ਼ਾਨ ਮਧੂ ਤਨਹਾ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਆਪਣੀ ਸੇਵਾ ਨਿਭਾਉਂਦਿਆਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ, ਮੈਲਬਰਨ ਦੇ ਹੀ ਪ੍ਰਸਿੱਧ ਕਵੀ ਜਿੰਦਰ, ਜਸਬੀਰ ਕੌਰ, ਅਰਸ਼ਦੀਪ ਸਿੰਘ ਆਦਿ ਦੀਆਂ ਰਚਨਾਵਾਂ ਨੂੰ ਮਾਣਦਿਆਂ ਹੀ ਸੁੱਚਾ ਸਿੰਘ ਰੰਧਾਵਾ ਜੀ ਤੇ ਜਗਦੀਪ ਜੋਗਾ ਜੀ ਨੇ 'ਰਣਜੀਤ ਫਰਵਾਲੀ' ਜੀ ਦੀ ਕਿਤਾਬ 'ਦੀਪ ਜੋਤ' ਰਿਲੀਜ਼ ਕੀਤੀ, ਪ੍ਰੋਗਰਾਮ ਦੇ ਅੰਤ ਵਿੱਚ ਦੋਵਾਂ ਮੁੱਖ ਮਹਿਮਾਨਾਂ ਨੂੰ 'ਪੰਜਾਬੀ ਸੱਥ ਮੈਲਬਰਨ' ਦਾ ਇੱਕ ਯਾਦਗਾਰੀ ਚਿੰਨ ਤੇ ਇੱਕ ਤੋਹਫ਼ਾ ਭੇਟ ਕੀਤਾ ਗਿਆ, ਇਸ ਪ੍ਰੋਗਰਾਮ ਵਿੱਚ ਸੋਨਮ ਸੈਣੀ, ਪ੍ਰਭਜੋਤ ਕੌਰ, ਜਸਪ੍ਰੀਤ ਬੇਦੀ, ਭੁਪਿੰਦਰ ਸਿੰਘ, ਅਰਵਿੰਦਰ ਚੁੰਬਰ, ਜੀਵਨਜੋਤ ਸਿੰਘ, ਬਲਰਾਜ ਸਿੰਘ, ਪੰਕਜ, ਰਜਨੀਸ਼ ਕੁਮਾਰ, ਬਲਜੀਤ ਸਿੰਘ, ਪ੍ਰੀਤ, ਸੋਹਣ ਸਿੰਘ ਦਹੇਲ, ਡਿੰਪਲ ਆਦਿ ਸਰੋਤਿਆਂ ਨੇ ਰਚਨਾਵਾਂ ਤੇ ਸਾਹਿਤਕ ਗੱਲਾਂ ਬਾਤਾਂ ਦਾ ਆਨੰਦ ਮਾਣਿਆ। ਮੁੱਖ ਮਹਿਮਾਨਾਂ ਦੀਆਂ ਸੱਥ ਦੇ ਭਵਿੱਖ ਵਾਸਤੇ ਸ਼ੁੱਭ-ਇੱਛਾਵਾਂ ਤੇ ਪਿਆਰ ਭਰੇ ਅਸ਼ੀਰਵਾਦ ਦੇ ਨਾਲ ਇਸ ਸਫਲ, ਸੁਹਾਵਣੀ ਤੇ ਵਿਲੱਖਣ ਸਾਹਿਤਕ ਸ਼ਾਮ ਨੂੰ ਅਲਵਿਦਾ ਕਹਿ ਦਿੱਤਾ ਗਿਆ।