ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ ’ਚ ਜੰਮ ਕੇ ਹੰਗਾਮਾ ਕੀਤਾ ਗਿਆ ਜਿਸ ਕਾਰਨ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਲੋਕ ਸਭਾ ’ਚ ਵੱਖ ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਸ਼ੋਰ-ਸ਼ਰਾਬੇ ਕਾਰਨ ਅੱਜ ਪ੍ਰਸ਼ਨ ਕਾਲ ਤੇ ਸਿਫਰ ਕਾਲ ਵੀ ਨਾ ਚੱਲ ਸਕਿਆ ਅਤੇ ਸਦਨ ਦੀ ਕਾਰਵਾਈ ਇੱਕ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਬਾਅਦ ਦੁਪਹਿਰ ਤਕਰੀਬਨ 12.17 ਵਜੇ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਸਦੀ ਕੰਪਲੈਕਸ ’ਚ ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਰੋਸ ਮੁਜ਼ਾਹਰੇ ਦੇ ਢੰਗਾਂ ਦੀ ਆਲੋਚਨਾ ਕਰਦਿਆਂ ਵਿਰੋਧੀ ਧਿਰ ਦੇ ਵੱਡੇ ਆਗੂਆਂ ਦੇ ਰਵੱਈਆ ਨੂੰ ਸੰਸਦੀ ਮਰਿਆਦਾ ਦੇ ਉਲਟ ਕਰਾਰ ਦਿੱਤਾ ਅਤੇ ਕਿਹਾ ਕਿ ਸਾਰਿਆਂ ਨੂੰ ਸੰਸਦ ਦੀ ਮਾਣ-ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ।
ਦੂਜੇ ਪਾਸੇ ਸੰਸਦ ਦੇ ਉੱਪਰਲੇ ਸਦਨ ਰਾਜ ਸਭਾ ’ਚ ਅੱਜ ਹਾਕਮ ਧਿਰ ਤੇ ਵਿਰੋਧੀ ਧਿਰ ਨੇ ਸੋਰੋਸ ਤੇ ਅਡਾਨੀ ਦੇ ਮੁੱਦਿਆਂ ’ਤੇ ਜ਼ੋਰਦਾਰ ਹੰਗਾਮਾ ਕੀਤਾ ਜਿਸ ਮਗਰੋਂ ਉੱਪਰਲੇ ਸਦਨ ਦੀ ਕਾਰਵਾਈ ਇੱਕ ਵਾਰ ਮੁਲਤਵੀ ਕਰਨ ਮਗਰੋਂ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਹਾਕਮ ਧਿਰ ਐੱਨਡੀਏ ਦੇ ਮੈਂਬਰਾਂ ਨੇ ਕਾਂਗਰਸ ਤੇ ਉਸ ਦੇ ਆਗੂਆਂ ’ਤੇ ਵਿਦੇਸ਼ੀ ਸੰਗਠਨਾਂ ਤੇ ਲੋਕਾਂ ਰਾਹੀਂ ਦੇਸ਼ ਦੀ ਸਰਕਾਰ ਤੇ ਅਰਥਚਾਰੇ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਦੋਸ਼ ਲਾਇਆ ਤੇ ਇਸ ਮੁੱਦੇ ’ਤੇ ਚਰਚਾ ਕਰਾਉਣ ਦੀ ਮੰਗ ਕਰਦਿਆਂ ਹੰਗਾਮਾ ਕੀਤਾ। ਦੂਜੇ ਪਾਸੇ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਨੇ ਅਡਾਨੀ ਸਮੂਹ ਨਾਲ ਜੁੜਿਆ ਮੁੱਦਾ ਚੁਕਦਿਆਂ ਇਸ ’ਤੇ ਚਰਚਾ ਕਰਾਉਣ ਦੀ ਮੰਗ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਸਰਕਾਰ ਨੇ ਅੱਜ ਲੋਕ ਸਭਾ ’ਚ ਮਰਚੈਂਟ ਸ਼ਿਪਿੰਗ ਬਿੱਲ, 2024 ਪੇਸ਼ ਕੀਤਾ। ਇਹ ਬਿੱਲ ਕੇਂਦਰੀ ਜਲਮਾਰਗ ਮੰਤਰੀ ਸਰਵਨੰਦ ਸੋਨੋਵਾਲ ਨੇ ਪੇਸ਼ ਕੀਤਾ।