ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ ਅਤੇ ਪਿਛਲੇ ਮਹੀਨੇ ਸ਼ੱਕੀ ਕੁਕੀ ਅਤਿਵਾਦੀਆਂ ਵੱਲੋਂ ਜਿਰੀਬਾਮ ਜ਼ਿਲ੍ਹੇ ਵਿੱਚ ਤਿੰਨ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਹੱਤਿਆ ਖ਼ਿਲਾਫ਼ ਰੈਲੀ ਕੀਤੀ। ਇਹ ਰੈਲੀ ਇੰਫਾਲ ਪੱਛਮੀ ਜ਼ਿਲ੍ਹੇ ਦੇ ਥਾਊ ਮੈਦਾਨ ਇਲਾਕੇ ਤੋਂ ਸ਼ੁਰੂ ਹੋ ਕੇ ਕਰੀਬ ਪੰਜ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਖੁਮਨ ਲੰਪਕ ਸਟੇਡੀਅਮ ਪਹੁੰਚ ਕੇ ਸਮਾਪਤ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ‘ਮਨੀਪੁਰ ਨੂੰ ਤਬਾਹ ਨਾ ਕਰੋ’ ਅਤੇ ‘ਮਨੀਪੁਰ ਬਚਾਓ’ ਵਰਗੇ ਨਾਅਰੇ ਲਾਉਂਦਿਆਂ ਅਫਸਪਾ ਹਟਾਉਣ ਦੀ ਮੰਗ ਕੀਤੀ। ਮਨੁੱਖੀ ਅਧਿਕਾਰ ਦਿਵਸ ਮੌਕੇ ਵੱਖ-ਵੱਖ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਇਹ ਰੈਲੀ ਕੀਤੀ। ਇਸ ਦੌਰਾਨ ਮਹਿਲਾ ਪ੍ਰਦਰਸ਼ਨਕਾਰੀ ਐੱਸ. ਨਿਰੂਪਮਾ ਨੇ ਕਿਹਾ, ‘ਮਨੁੱਖੀ ਅਧਿਕਾਰ ਦਿਵਸ ਮੌਕੇ ਅਸੀਂ ਦ੍ਰਿੜ੍ਹਤਾ ਨਾਲ ਕਹਿਣਾ ਚਾਹੁੰਦੇ ਹਾਂ ਕਿ ਮਨੀਪੁਰ ਦੇ ਲੋਕ ਸੂਬੇ ਵਿੱਚ ਅਫਸਪਾ ਮੁੜ ਲਾਗੂ ਕਰਨ ਦੇ ਨਾਲ-ਨਾਲ ਕੁਕੀ-ਜ਼ੋ ਅਤਿਵਾਦੀਆਂ ਵੱਲੋਂ ਨਿਰਦੋਸ਼ ਔਰਤਾਂ ਅਤੇ ਬੱਚਿਆਂ ਦੀਆਂ ਹੱਤਿਆਵਾਂ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹੇ ਹਨ। ਅਫਸਪਾ ਅਤਿਵਾਦ ਨਾਲ ਲੜਨ ਦੇ ਨਾਮ ’ਤੇ ਨਾਗਰਿਕਾਂ ਦੀ ਹੱਤਿਆ ਕਰਨ ਦਾ ਹਥਿਆਰ ਹੈ, ਜਿਸ ਕਾਰਨ ਇੰਫਾਲ ਘਾਟੀ ਅਤੇ ਨਾਗਾ ਖੇਤਰਾਂ ਵਿੱਚ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ।’
ਪੁਲੀਸ ਨੇ ਕਿਹਾ ਕਿ ਰੈਲੀ ਦੇ ਮੱਦੇਨਜ਼ਰ ਸੂਬੇ ਦੀ ਰਾਜਧਾਨੀ ’ਚ ਸੁਰੱਖਿਆ ਵਧਾ ਦਿੱਤੀ ਗਈ ਸੀ। ਕੇਂਦਰ ਨੇ ਹਾਲ ਹੀ ਵਿੱਚ ਜਿਰੀਬਾਮ ਸਮੇਤ ਮਨੀਪੁਰ ਦੇ ਛੇ ਥਾਣਿਆਂ ਅਧੀਨ ਪੈਂਦੇ ਖੇਤਰਾਂ ਵਿੱਚ ਮੁੜ ਅਫਸਪਾ ਲਾਗੂ ਕੀਤਾ ਹੈ।