ਮੁੰਬਈ-ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਭਾਜਪਾ ਦੇ ਨਵੇਂ ਚੁਣੇ ਹੋਏ ਵਿਧਾਇਕਾਂ ਵੱਲੋਂ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਮਹਾਯੁਤੀ ਸਰਕਾਰੀ ਦੇ ਸਹੁੰ ਚੁੱਕ ਸਮਾਰੋਹ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਐਲਾਨਿਆ ਜਾਵੇਗਾ। ਇਹ ਜਾਣਕਾਰੀ ਅੱਜ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦਿੱਤੀ।
ਭਾਜਪਾ ਵੱਲੋਂ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਣੀ ਨੂੰ ਮਹਾਰਾਸ਼ਟਰ ਵਿੱਚ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਲਈ ਕੇਂਦਰੀ ਆਬਜ਼ਰਵਰ ਨਿਯੁਕਤ ਕੀਤਾ ਹੈ। ਇਸ ਮੀਟਿੰਗ ਵਿੱਚ ਵਿਧਾਇਕ ਆਪਣਾ ਨੇਤਾ ਚੁਣਨਗੇ। ਭਾਜਪਾ ਵੱਲੋਂ ਪਹਿਲਾਂ ਹੀ ਇਹ ਐਲਾਨ ਕੀਤਾ ਜਾ ਚੁੱਕਾ ਹੈ ਕਿ ਨਵੇਂ ਮੁੱਖ ਮੰਤਰੀ ਵੱਲੋਂ 5 ਦਸੰਬਰ ਨੂੰ ਮੁੰਬਈ ਵਿੱਚ ਆਜ਼ਾਦ ਮੈਦਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਸਹੁੰ ਚੁੱਕੀ ਜਾਵੇਗੀ। ਪਾਰਟੀ ਨੇ ਅਜੇ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ ਪਰ ਭਾਜਪਾ ਦੇ ਇਕ ਆਗੂ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਦੇਵੇਂਦਰ ਫੜਨਵੀਸ ਦਾ ਨਾਮ ਪੱਕਾ ਹੋ ਚੁੱਕਾ ਹੈ। ਭਾਜਪਾ ਦੀਆਂ ਦੋ ਮੁੱਖ ਭਾਈਵਾਲ ਪਾਰਟੀਆਂ ਸ਼ਿਵ ਸੈਨਾ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀਆਂ ਨੂੰ ਨਵੀਂ ਸਰਕਾਰ ’ਚ ਉਪ ਮੁੱਖ ਮੰਤਰੀ ਦਾ ਇਕ-ਇਕ ਅਹੁਦਾ ਦਿੱਤੇ ਜਾਣ ਦੀ ਆਸ ਹੈ। ਇਸ ਵੇਲੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਮੁੱਖ ਮੰਤਰੀ ਦਾ ਅਹੁਦਾ ਲੈਣ ਲਈ ਭਾਜਪਾ ਦੇ ਰਾਹ ਵਿੱਚ ਨਹੀਂ ਆਉਣਗੇ। ਹਾਲ ਹੀ ਵਿੱਚ ਸੰਪੰਨ ਹੋਈਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਾਯੁਤੀ ਗੱਠਜੋੜ ਨੇ 288 ਵਿੱਚੋਂ 230 ਸੀਟਾਂ ਜਿੱਤੀਆਂ ਹਨ