''ਅੱਜ ਸਿੱਖਾਂ ਨੇ ਬਾਜ਼ ਨੂੰ ਹੱਥ ਪਾਇਆ ਹੈ, ਕੱਲ੍ਹ ਤਾਜ ਨੂੰ ਵੀ ਪਾਉਣਗੇ''
-ਗਿ. ਸੋਹਣ ਸਿੰਘ ਸੀਤਲ
ਮੁਗਲਾਂ ਦੀ ਨੀਤੀ ਹਰ ਨਵੇਂ ਬਾਦਸ਼ਾਹ ਦੇ ਤਖਤ ਤੇ ਬੈਠਣ ਨਾਲ ਬਦਲਦੀ ਰਹੀ ਹੈ। ਮੁਗਲ ਬਾਦਸ਼ਾਹ ਮੁਸਲਮਾਨ ਸਨ, ਇਸ ਵਾਸਤੇ ਉਸ ਵੇਲੇ ਹਰ ਮੁਸਲਮਾਨ ਆਪਣੇ ਆਪ ਨੂੰ ਹੁਕਮਰਾਨ ਕੌਮ ਦਾ ਅੰਗ ਸਮਝਦਾ ਸੀ। ਹਰ ਗੈਰ ਮੁਸਲਮਾਨ ਨੂੰ ਮਾਹਕੂਮ ਜਾਂ ਗੁਲਾਮ ਸਮਝਿਆ ਜਾਂਦਾ ਸੀ। ਇਸਲਾਮ ਦੇ ਧਾਰਮਿਕ ਆਗੂਆਂ ਮੁੱਲਾਂ ਮੁਲਾਣਿਆਂ ਦਾ ਰਾਜ ਕਾਜ ਵਿੱਚ ਬਹੁਤ ਹੱਥ ਸੀ। ਰਾਜਨੀਤੀ ਨੂੰ ਇਸਲਾਮੀ ਸ਼ਰ੍ਹਾ ਦੇ ਅਧੀਨ ਚਲਾਇਆ ਜਾਂਦਾ ਸੀ। ਏਹਾ ਕਾਰਨ ਹੈ ਕਿ ਹਰ ਨਵਾਂ ਬਾਦਸ਼ਾਹ ਆਪਣਾ ਤਸੱਲਤ ਜਮਾਉਣ ਵਾਸਤੇ ਸਭ ਤੋਂ ਪਹਿਲਾਂ ਮੁੱਲਾਂ ਮੌਲਾਣਿਆਂ ਨੂੰ ਖੁਸ਼ ਕਰਨਾ ਜ਼ਰੂਰੀ ਸਮਝਦਾ ਸੀ। ਜਹਾਂਗੀਰ...