ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ ਤਰੱਕੀ ਹਜ਼ਮ ਨਹੀਂ ਹੋ ਰਹੀ ਹੈ। ਰਾਜ ਸਭਾ ਦੇ ਚੇਅਰਮੈਨ ਧਨਖੜ, ਜਿਨ੍ਹਾਂ ਖਿਲਾਫ਼ ਵਿਰੋਧੀ ਧਿਰਾਂ ਨੇ ਲੰਘੇ ਦਿਨ ਉਪਰਲੇ ਸਦਨ ਵਿਚ ਬੇਭਰੋਸਗੀ ਮਤਾ ਲਿਆਉਣ ਸਬੰਧੀ ਨੋਟਿਸ ਦਿੱਤਾ ਸੀ, ਨੇ ਇਥੇ ਸਮਾਗਮ ਦੌਰਾਨ ਕਿਹਾ, ‘‘ਦੇਸ਼ ਦੇ ਟੁਕੜੇ, ਦੇਸ਼ ’ਚ ਵੰਡੀਆਂ ਪਾਉਣ, ਦੇਸ਼ ਦੀਆਂ ਸੰਸਥਾਵਾਂ ਦਾ ਨਿਰਾਦਰ ਕਰਨ ਦੀ ਕਾਰਵਾਈ ਗਿਣਮਿੱਥ ਕੇ ਕੀਤੀ ਜਾ ਰਹੀ ਹੈ। ਸਾਨੂੰ ਦੇਸ਼ ਵਿਰੋਧੀ ਹਰੇਕ ਬਿਰਤਾਂਤ ਦਾ ਖਾਤਮਾ ਕਰਨਾ ਹੋਵੇਗਾ।’’ ਉਨ੍ਹਾਂ ਕਿਹਾ ਕਿ ਦੇਸ਼ ਆਰਥਿਕ ਵਿਕਾਸ ਹੁੰਦਾ ਦੇਖ ਰਿਹਾ ਹੈ ਤੇ ਇਸ ਨੇ ਵੱਡੀ ਪੁਲਾਂਘ ਪੁੱਟੀ ਹੈ।
ਉਪ ਰਾਸ਼ਟਰਪਤੀ ਨੇ ਕਿਹਾ, ‘‘ਇਕ ਦਹਾਕੇ ਪਹਿਲਾਂ ਸਾਡਾ ਅਰਥਚਾਰਾ ਨਿਘਾਰ ਵੱਲ ਜਾ ਰਿਹਾ ਸੀ। ਅੱਜ ਅਸੀਂ ਕੁੱਲ ਆਲਮ ਵਿਚ ਪੰਜਵੇਂ ਸਥਾਨ ਉੱਤੇ ਹਾਂ ਅਤੇ ਅਗਲੇ ਇਕ ਜਾਂ ਦੋ ਸਾਲਾਂ ਵਿਚ ਅਸੀਂ ਤੀਜੇ ਸਥਾਨ ਉੱਤੇ ਹੋਵਾਂਗੇ।’’ ਧਨਖੜ ਨੇ ਕਿਹਾ ਕਿ ‘ਵਿਕਸਤ ਭਾਰਤ 2047’ ਹੁਣ ਸੁਪਨਾ ਨਹੀਂ ਰਿਹਾ ਬਲਕਿ ਇਹ ਇਕ ਟੀਚਾ ਹੈ। ਉਨ੍ਹਾਂ ਕਿਹਾ, ‘‘ਇਸ ਟੀਚੇ ਨੂੰ ਅਸੀਂ ਯਕੀਨੀ ਤੌਰ ’ਤੇ ਹਾਸਲ ਕਰਾਂਗੇ। ਵਿਕਸਤ ਮੁਲਕ ਬਣਨ ਲਈ ਇਹੀ ਚੁਣੌਤੀ ਹੈ ਕਿ ਸਾਡੀ ਪ੍ਰਤੀ ਵਿਅਕਤੀ ਆਮਦਨ ਅੱਠ ਗੁਣਾ ਵਧੇ। ਪਰ ਇਸ ਦੇ ਬਾਵਜੂਦ ਇਕ ਚੀਜ਼ ਹੈ…ਉਹ ਰਾਸ਼ਟਰਵਾਦ ਤੇ ਦੇਸ਼ ਲਈ ਪਿਆਰ। ਅਸੀਂ ਭਾਰਤੀ ਹਾਂ। ਅਸੀਂ ਰਾਸ਼ਟਰਵਾਦ ਨੂੰ ਲੈ ਕੇ ਸਮਝੌਤਾ ਨਹੀਂ ਕਰ ਸਕਦੇ। ਇਹ ਰਾਸ਼ਟਰਵਾਦ ਵਿਚ ਨਿਹਿਤ ਹੈ ਕਿ ਦੇਸ਼ ਦਾ ਹਰੇਕ ਵਿਅਕਤੀ ਖ਼ੁਸ਼ਹਾਲ ਤੇ ਖ਼ੁਸ਼ ਹੋਣਾ ਚਾਹੀਦਾ ਹੈ ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਸਾਡੀ ਸੋਚ ਕਾਟੇਜ ਸਨਅਤ, ਦਿਹਾਤੀ ਸਨਅਤਾਂ ਤੇ ਛੋਟੀਆਂ ਸਨਅਤਾਂ ਤੋਂ ਅੱਗੇ ਜਾਵੇਗੀ।’’