ਨਵੀਂ ਦਿੱਲੀ-ਮਹਾਰਾਸ਼ਟਰ ਤੇ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਸ਼ਾਮ ਸਮੇਂ ਆਏ ਜ਼ਿਆਦਾਤਰ ਐਗਜ਼ਿਟ ਪੋਲ (ਚੋਣਾਂ ਤੋਂ ਬਾਅਦ ਦੇ ਸਰਵੇਖਣ) ਵਿੱਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਹਾਲਾਂਕਿ, ਐਕਸਿਸ ਮਾਈ ਇੰਡੀਆ’ ਦੇ ਸਰਵੇਖਣ ਵਿੱਚ ਝਾਰਖੰਡ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਦੀ ਵਾਪਸੀ ਦਾ ਅਨੁਮਾਨ ਲਗਾਇਆ ਗਿਆ ਹੈ।
ਮਹਾਰਾਸ਼ਟਰ ਵਿੱਚ ਅੱਜ ਜਿੱਥੇ ਸਾਰੀਆਂ 288 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪਈਆਂ, ਉੱਥੇ ਹੀ ਝਾਰਖੰਡ ਵਿੱਚ ਦੂਜੇ ਤੇ ਆਖ਼ਰੀ ਗੇੜ ’ਚ 38 ਸੀਟਾਂ ’ਤੇ ਵੋਟਿੰਗ ਹੋਈ। ਝਾਰਖੰਡ ਵਿੱਚ ਪਹਿਲੇ ਗੇੜ ’ਚ 13 ਨਵੰਬਰ ਨੂੰ 43 ਸੀਟਾਂ ’ਤੇ ਵੋਟਾਂ ਪਈਆਂ ਸਨ। ਦੋਵੇਂ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਮਹਾਰਾਸ਼ਟਰ ਵਿੱਚ ਬਹੁਮਤ ਲਈ 145 ਜਦਕਿ ਝਾਰਖੰਡ ਵਿੱਚ 41 ਸੀਟਾਂ ਦੀ ਲੋੜ ਹੋਵੇਗੀ। ਮੈਟ੍ਰਿਜ਼ ਦੇ ਸਰਵੇਖਣ ਮੁਤਾਬਕ, ਮਹਾਰਾਸ਼ਟਰ ਵਿੱਚ ਮਹਾਯੁਤੀ ਨੂੰ 150-170 ਅਤੇ ਐੱਮਵੀਏ ਨੂੰ 110-130 ਸੀਟਾਂ ਮਿਲ ਸਕਦੀਆਂ ਹਨ। ‘ਲੋਕਸ਼ਾਹੀ ਮਰਾਠੀ-ਰੁਦਰਾ’ ਦੇ ਸਰਵੇਖਣ ਵਿੱਚ ਮੁਕਾਬਲਾ ਫਸਵਾਂ ਰਹਿਣ ਦਾ ਅਨੁਮਾਨ ਹੈ। ਇਸ ਮੁਤਾਬਕ, ਮਹਾਯੁਤੀ ਨੂੰ 128-142, ਜਦਕਿ ਐੱਮਵੀਏ ਨੂੰ 125-140 ਅਤੇ ਹੋਰਾਂ ਨੂੰ 18-23 ਸੀਟਾਂ ਮਿਲਦੀਆਂ ਦਿਖ ਰਹੀਆਂ ਹਨ। ‘ਪੀ-ਮਾਰਕ’ ਦੇ ਐਗਜ਼ਿਟ ਪੋਲ ਮੁਤਾਬਕ, ਮਹਾਯੁਤੀ ਨੂੰ 137-157 ਅਤੇ ਐੱਮਵੀਏ ਨੂੰ 126-146 ਸੀਟਾਂ ਮਿਲ ਸਕਦੀਆਂ ਹਨ। ‘ਪੀਪਲਜ਼ ਪਲਸ’ ਦੇ ਸਰਵੇਖਣ ਦਾ ਮੁਲਾਂਕਣ ਹੈ ਕਿ ਮਹਾਯੁਤੀ 175-195 ਸੀਟਾਂ ਹਾਸਲ ਕਰ ਕੇ ਭਾਰੀ ਬਹੁਮਤ ਨਾਲ ਸਰਕਾਰ ਬਣਾਏਗਾ। ਉੱਧਰ, ਐੱਮਵੀਏ ਨੂੰ 85-112 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਝਾਰਖੰਡ ਬਾਰੇ ‘ਮੈਟ੍ਰਿਜ਼’ ਦੇ ਐਗਜ਼ਿਟ ਪੋਲ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਗੱਠਜੋੜ 42-47 ਸੀਟਾਂ ਹਾਸਲ ਕਰ ਕੇ ਆਪਣੀ ਸਰਕਾਰ ਬਣਾਏਗਾ ਜਦਕਿ ਸੱਤਾਧਾਰੀ ਜੇਐੱਮਐੱਮ-ਕਾਂਗਰਸ-ਆਰਜੇਡੀ ਗੱਠਜੋੜ ਨੂੰ 25-30 ਸੀਟਾਂ ਨਾਲ ਸਬਰ ਕਰਨਾ ਪਵੇਗਾ। ‘ਪੀਪਲਜ਼ ਪਲਸ’ ਦੇ ਸਰਵੇਖਣ ਮੁਤਾਬਕ, ਝਾਰਖੰਡ ਵਿੱਚ ਐੱਨਡੀਏ ਨੂੰ 44-53 ਅਤੇ ‘ਇੰਡੀਆ’ ਗੱਠਜੋੜ ਨੂੰ 25-37 ਸੀਟਾਂ ਮਿਲ ਸਕਦੀਆਂ ਹਨ। ‘ਐਕਸਿਸ ਮਾਈ ਇਡੀਆ’ ਦੇ ਸਰਵੇਖਣ ਵਿੱਚ ਝਾਰਖੰਡ ’ਚ ਜੇਐੱਮਐੱਮ, ਕਾਂਗਰਸ ਤੇ ਆਰਜੇਡੀ ਗੱਠਜੋੜ ਨੂੰ 53 ਜਦਕਿ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ 25 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।