ਗਾਂਧੀਨਗਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ’ਚ ਜੰਮੂ ਕਸ਼ਮੀਰ, ਉੱਤਰ-ਪੂਰਬ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ ’ਚ ਹਿੰਸਾ ਦੀਆਂ ਘਟਨਾਵਾਂ 70 ਫ਼ੀਸਦ ਤੱਕ ਘਟਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ।
ਇਥੇ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ’ਚ 50ਵੀਂ ਆਲ ਇੰਡੀਆ ਪੁਲੀਸ ਸਾਇੰਸ ਕਾਨਫਰੰਸ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਭਰੋਸਾ ਜਤਾਇਆ ਕਿ ਆਉਂਦਾ ਦਹਾਕਾ ਭਾਰਤੀ ਅਪਰਾਧਕ ਨਿਆਂ ਪ੍ਰਣਾਲੀ ਨੂੰ ਦੁਨੀਆ ਦਾ ਸਭ ਤੋਂ ਤੇਜ਼ ਅਤੇ ਵਧ ਵਿਗਿਆਨਕ ਢੰਗ ਵਾਲਾ ਬਣਾਏਗਾ। ਉਨ੍ਹਾਂ ਕਿਹਾ, ‘‘ਪਿਛਲੇ ਕਈ ਸਾਲਾਂ ਤੋਂ ਤਿੰਨ ਖ਼ਿੱਤੇ ਕਸ਼ਮੀਰ, ਉੱਤਰ-ਪੂਰਬ ਅਤੇ ਨਕਸਲ ਪ੍ਰਭਾਵਿਤ ਇਲਾਕੇ ਗੜਬੜ ਵਾਲੇ ਸਮਝੇ ਜਾਂਦੇ ਸਨ। ਅਸੀਂ ਤਿੰਨੋਂ ਖ਼ਿੱਤਿਆਂ ਦੀ ਸੁਰੱਖਿਆ ’ਚ ਚੋਖਾ ਸੁਧਾਰ ਕੀਤਾ ਹੈ। ਪਿਛਲੇ 10 ਸਾਲ ਦੇ ਅੰਕੜਿਆਂ ਦੀ ਤੁਲਨਾ ਪਹਿਲਾਂ ਦੇ ਵਰ੍ਹਿਆਂ ਨਾਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਅਸੀਂ 70 ਫ਼ੀਸਦੀ ਤੱਕ ਹਿੰਸਾ ਘਟਾਉਣ ’ਚ ਸਫ਼ਲ ਰਹੇ ਹਾਂ। ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਪ੍ਰਾਪਤੀ ਹੈ।’’ ਤਿੰਨ ਨਵੇਂ ਫੌਜਦਾਰੀ ਕਾਨੂੰਨ ਲਾਗੂ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਐੱਫਆਈਆਰ ਦਰਜ ਹੋਣ ਦੀ ਤਰੀਕ ਦੇ ਤਿੰਨ ਸਾਲਾਂ ਦੇ ਅੰਦਰ ਸੁਪਰੀਮ ਕੋਰਟ ਦੇ ਪੱਧਰ ’ਤੇ ਲੋਕਾਂ ਨੂੰ ਤਿੰਨ ਸਾਲਾਂ ਦੇ ਅੰਦਰ ਨਿਆਂ ਮਿਲ ਜਾਵੇਗਾ। ਕੇਂਦਰੀ ਮੰਤਰੀ ਨੇ ਨਸ਼ਿਆਂ ਦੇ ਕਾਰੋਬਾਰ ’ਤੇ ਨੱਥ ਪਾਉਣ ਦਾ ਵੀ ਜ਼ਿਕਰ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਭਾਰਤ ਨੇ ਦੁਨੀਆ ’ਚ ਹਰ ਖੇਤਰ ’ਚ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਥਚਾਰੇ ’ਚ ਮੁਲਕ ਇਕ ਦਹਾਕਾ ਪਹਿਲਾ 11ਵੇਂ ਨੰਬਰ ’ਤੇ ਸੀ ਪਰ ਹੁਣ ਉਹ ਪੰਜਵੇਂ ਨੰਬਰ ’ਤੇ ਆ ਗਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ਪਹਿਲੀ ਅਪਰੈਲ, 2028 ਤੱਕ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ਸ਼ਾਹ ਨੇ ਕਿਹਾ ਕਿ ਮੁਲਕ ਤਕਨਾਲੋਜੀ, ਸੁਰੱਖਿਆ, ਸਿੱਖਿਆ, ਖੋਜ ਤੇ ਵਿਕਾਸ, ਬੁਨਿਆਦੀ ਢਾਂਚੇ ਅਤੇ ਵਪਾਰ ਸਮੇਤ ਹੋਰ ਖੇਤਰਾਂ ’ਚ ਵੀ ਅਗਾਂਹ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੇ ਚੋਣਾਂ ਸੁਚਾਰੂ ਢੰਗ ਨਾਲ ਕਰਵਾਈਆਂ ਅਤੇ ਕੋਵਿਡ-19 ਮਹਾਮਾਰੀ ਦਾ ਡਟ ਕੇ ਸਾਹਮਣਾ ਕੀਤਾ ਜਿਸ ਕਾਰਨ ਦੁਨੀਆ ਵੀ ਹੈਰਾਨ ਰਹਿ ਗਈ।