ਚੰਡੀਗੜ੍ਹ-ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੰਸਦ ਮੈਂਬਰ ਚਰਨਜੀਤ ਚੰਨੀ ਤਰਫ਼ੋਂ ਔਰਤਾਂ ਪ੍ਰਤੀ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਡੀਜੀਪੀ ਪੰਜਾਬ ਨੂੰ ਉਨ੍ਹਾਂ ਖ਼ਿਲਾਫ਼ ਲੋੜੀਂਦੀ ਕਾਰਵਾਈ ਲਈ ਪੱਤਰ ਲਿਖਿਆ ਜਾਵੇਗਾ, ਕਿਉਂਕਿ ਉਹ ਦੂਜੇ ਕਾਰਨ ਦੱਸੋ ਨੋਟਿਸ ਦੇ ਮੁੱਦੇ ’ਤੇ ਪੇਸ਼ ਨਹੀਂ ਹੋਏ।
ਕਮਿਸ਼ਨ ਦੇ ਚੇਅਰਮੈਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਸੰਸਦ ਮੈਂਬਰ ਨੂੰ ਉਨ੍ਹਾਂ ਦੀ ਅਧਿਕਾਰਤ ਈਮੇਲ ਆਈਡੀ ’ਤੇ ਦੋ ਵਾਰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਕਮਿਸ਼ਨ ਡੀਜੀਪੀ ਨੂੰ ਪੱਤਰ ਲਿਖਣ ਤੋਂ ਪਹਿਲਾਂ ਸੰਸਦ ਮੈਂਬਰ ਦੇ ਪੇਸ਼ ਹੋਣ ਦਾ ਇੰਤਜ਼ਾਰ ਕਰੇਗਾ। ਸੰਸਦ ਮੈਂਬਰ ਹੁਣ ਤੱਕ ਕਮਿਸ਼ਨ ਸਾਹਮਣੇ ਪੇਸ਼ ਹੋਣ ਵਿੱਚ ਅਸਫ਼ਲ ਰਹੇ ਹਨ ਅਤੇ ਕੱਲ੍ਹ ਆਪਣੇ ਨਿਵਾਸ ਸਥਾਨ ’ਤੇ ਮੀਡੀਆ ਕਰਮੀਆਂ ਨੂੰ ਲੈ ਕੇ ਮੁਆਫੀ ਮੰਗ ਲਈ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊੁ ਵਿਚ ਕਿਹਾ ਸੀ ਕਿ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਕਾਂਗਰਸੀ ਆਗੂ ਨੇ ਕਿਹਾ ‘‘ਕਿ ਉਹ ਔਰਤਾਂ ਖ਼ਿਲਾਫ਼ ਕੁਝ ਕਹਿਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ, ਮੈਂ ਕਿਸੇ ਦੇ ਖ਼ਿਲਾਫ਼ ਨਹੀਂ ਹਾਂ। ਜਿਸ ਨੂੰ ਵੀ ਠੇਸ ਪਹੁੰਚੀ ਹੈ, ਮੈਂ ਮੁਆਫੀ ਮੰਗਦਾ ਹਾਂ।’’
ਚੰਨੀ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋਮਵਾਰ ਨੂੰ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਦੌਰਾਨ ਔਰਤਾਂ ਅਤੇ ਦੋ ਭਾਈਚਾਰਿਆਂ ਖਿਲਾਫ ਕਥਿਤ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ‘ਚ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।