ਐੱਸਏਐੱਸ ਨਗਰ (ਮੁਹਾਲੀ)-ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਵਿੱਚ ਗਰੈਜੂਏਸ਼ਨ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਸ਼ਟਰ ਨੂੰ ‘ਆਤਮ-ਨਿਰਭਰ’ ਬਣਾ ਕੇ ਵਿਸ਼ਵ ਦੀ ਨੰਬਰ ਇਕ ਅਰਥਵਿਵਸਥਾ ਬਣਨ ਲਈ ਠੋਸ ਯਤਨ ਕਰਨ ਦਾ ਸੱਦਾ ਦਿੱਤਾ। ਇਸ ਮੌਕੇ 180 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ, ਜਿਨ੍ਹਾਂ ਵਿੱਚ ਆਈਏਐੱਸ ਜੋੜਾ ਰਾਹੁਲ ਭੰਡਾਰੀ ਅਤੇ ਰਾਖੀ ਗੁਪਤਾ ਭੰਡਾਰੀ ਸਣੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੀ ਸ਼ਾਮਲ ਹਨ।
ਡਿਗਰੀ ਹਾਸਲ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਹੋਣ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਿੱਖਿਆ ਅਜਿਹਾ ਖੇਤਰ ਹੈ, ਜਿਸ ਵਿੱਚ ਕੋਈ ਮਹਿਲਾ ਜਾਂ ਪੁਰਸ਼ ਦੀ ਅਜਾਰੇਦਾਰੀ ਨਹੀਂ ਹੈ, ਵਿਅਕਤੀ ਆਪਣੀ ਮਿਹਨਤ ਦੇ ਬਲਬੂਤੇ ਉੱਚਾ ਉੱਠ ਸਕਦਾ ਹੈ। ਵਿਦਿਆਰਥੀਆਂ ਨੂੰ ਰੁਤਬੇ ਤੱਕ ਪਹੁੰਚਾਉਣ ਲਈ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਕਟਾਰੀਆਂ ਨੇ ਕਿਹਾ ਕਿ ਅਧਿਆਪਕ ਵੱਲੋਂ ਦਿੱਤੀ ਸਿੱਖਿਆ ਨਾਲ ਹੀ ਮਨੁੱਖ ਆਪਣੀ ਮੰਜ਼ਿਲ ’ਤੇ ਪਹੁੰਚ ਸਕਦਾ ਹੈ।
ਉਨ੍ਹਾਂ ਕਿਹਾ ਕਿ ਇੱਥੇ ਮੌਜੂਦ ਸਾਰੇ ਗਰੈਜੂਏਟਾਂ ਸਾਹਮਣੇ ਦੇਸ਼ ਨੂੰ ‘ਆਤਮ ਨਿਰਭਰ ਭਾਰਤ’ ਬਣਾਉਣ ਦੀ ਵੱਡੀ ਚੁਣੌਤੀ ਹੈ। ਉਨ੍ਹਾਂ ਇਸ ਗੱਲ ’ਤੇ ਨਾਖੁਸ਼ੀ ਜ਼ਾਹਰ ਕੀਤੀ ਕਿ ਆਜ਼ਾਦੀ ਦੇ 75 ਸਾਲ ਬੀਤਣ ਦੇ ਬਾਵਜੂਦ ਅੱਜ ਵੀ ਦੇਸ਼ ਵਿੱਚ ਰੁਜ਼ਗਾਰ ਇੱਕ ਵੱਡੇ ਮੁੱਦੇ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਰਾਜਪਾਲ ਨੇ ਕਿਹਾ ਕਿ ਗਰੀਬ ਤੇ ਅਮੀਰ ਵਿਚਲਾ ਪਾੜਾ ਮੇਟਣ ਲਈ ਸਾਨੂੰ ਪਛੜੇ ਲੋਕਾਂ ਦੇ ਜੀਵਨ ਨੂੰ ਰੌਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਆਈਐਸਬੀ ਸਲਾਹਕਾਰ ਬੋਰਡ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ, ਡੀਨ ਪ੍ਰੋ. ਮਦਨ ਪਿਲਤਲਾ ਅਤੇ ਡਿਪਟੀ ਡੀਨ ਪ੍ਰੋ. ਰਾਮਭਦਰਨ ਥਿਰੁਮਲਈ ਅਤੇ ਐਸੋਸੀਏਟ ਪ੍ਰੋਫੈਸਰ ਆਫ਼ ਫਾਇਨਾਂਸ (ਪ੍ਰੈਕਟਿਸ) ਵੀ ਮੌਜੂਦ ਸਨ।