ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਸੁਪਰੀਮ ਕੋਰਟ ਵੱਲੋਂ ਕਾਇਮ ਪੰਜ ਮੈਂਬਰੀ ਕਮੇਟੀ ਦਰਮਿਆਨ ਇਥੇ ਹਰਿਆਣਾ ਨਿਵਾਸ ਵਿਖੇ ਹੋਈ ਬੈਠਕ ਬੇਸਿੱਟਾ ਰਹੀ। ਬੈਠਕ ਦਾ ਮੰਤਵ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਪਿਛਲੇ 9 ਮਹੀਨੇ ਤੋਂ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਲਾਏ ਧਰਨੇ ਨੂੰ ਖ਼ਤਮ ਕਰਵਾ ਕੇ ਬਾਰਡਰ ਖੁੱਲ੍ਹਵਾਉਣਾ ਸੀ। ਮੀਟਿੰਗ ਜਸਟਿਸ (ਸੇਵਾਮੁਕਤ) ਨਵਾਬ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਹਰਿਆਣਾ ਦੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਸਨ।
ਬੈਠਕ ਦੌਰਾਨ ਪੰਜ ਮੈਂਬਰੀ ਕਮੇਟੀ ਨੇ ਬਾਰਡਰ ਖੋਲ੍ਹਣ ਲਈ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਬਾਰੇ ਗੱਲਬਾਤ ਕੀਤੀ ਤਾਂ ਸੰਯਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨੇ ਕਮੇਟੀ ਅੱਗੇ 12 ਮੰਗਾਂ ਰੱਖੀਆਂ ਤੇ ਇਨ੍ਹਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ। ਐੱਸਕੇਐੱਮ (ਗੈਰ-ਸਿਆਸੀ) ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇ ਕਿਸਾਨ ਮੰਗਾਂ ਜਲਦ ਪੂਰੀਆਂ ਨਾ ਹੋਈਆਂ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਖਨੌਰੀ ਬਾਰਡਰ ’ਤੇ ਭੁੱਖ ਹੜਤਾਲ ਸ਼ੁਰੂ ਕਰਨਗੇ।
ਬੈਠਕ ਦੌਰਾਨ ਪੰਜ ਮੈਂਬਰੀ ਕਮੇਟੀ ਨੇ ਕਿਸਾਨ ਆਗੂਆਂ ਨੂੰ ਸ਼ੰਭੂ ਤੇ ਖਨੋਰੀ ਬਾਰਡਰ ਖੋਲ੍ਹਣ ਦੀ ਅਪੀਲ ਕੀਤੀ। ਕਿਸਾਨ ਆਗੂਆਂ ਨੇ ਕਮੇਟੀ ਨੂੰ ਸਪਸ਼ਟ ਕੀਤਾ ਕਿ ਬਾਰਡਰ ਉਨ੍ਹਾਂ ਨੇ ਨਹੀਂ ਬਲਕਿ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਸਣੇ ਕਿਸਾਨ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਅਤੇ ਰਾਮ ਲੀਲਾ ਗਰਾਊਂਡ ਵਿੱਚ ਧਰਨਾ ਦੇਣਾ ਚਾਹੁੰਦੇ ਸਨ। ਉਨ੍ਹਾਂ ਨੇ 13 ਫਰਵਰੀ ਤੋਂ ਦਿੱਲੀ ਵਿਖੇ ਧਰਨਾ ਦੇਣ ਲਈ ਕੂਚ ਕੀਤਾ ਸੀ, ਪਰ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਵੱਡੀ-ਵੱਡੀਆਂ ਰੋਕਾਂ ਲਗਾ ਕੇ ਰਾਹ ਬੰਦ ਕਰ ਦਿੱਤੇ ਤੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਵਿਖੇ ਧਰਨਾ ਦੇਣ ਜਾਣਾ ਚਾਹੁੰਦੇ ਹਨ। ਕਿਸਾਨ ਆਗੂਆਂ ਨੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਬੈਠਕ ਦੌਰਾਨ ਸੰਯਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਗ਼ੈਰਹਾਜ਼ਰ ਰਹੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ, ਲਖਵਿੰਦਰ ਸਿੰਘ ਔਲਖ, ਗੁਣਵੰਤ ਸਿੰਘ ਪੰਜਾਵਾ, ਸੁਖਪਾਲ ਸਿੰਘ ਸਹੋਤਾ, ਸੰਦੀਪ ਸਿੰਘ ਸਿੱਧੂ, ਬਚਿੱਤਰ ਸਿੰਘ, ਗੁਰਸਾਹਿਬ ਸਿੰਘ, ਸੁਖਜੀਤ ਸਿੰਘ ਹਾਰਦੋ ਝੰਡੇ, ਹਰਸੁਲਿੰਦਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਅਠਵਾਲ, ਰਾਜਿੰਦਰ ਸਿੰਘ ਚਾਹਿਲ ਤੇ ਗੁਰਦਾਸ ਸਿੰਘ ਕਾਲਾਂਵਾਲੀ ਸ਼ਾਮਲ ਹੋਏ ਹਨ।