ਨਵੀਂ ਦਿੱਲੀ-ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਵੋਟਾਂ ਦੀ ਗਿਣਤੀ ਦੌਰਾਨ ਕੁਝ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਚ ‘ਗੜਬੜੀਆਂ’ ਦੀ ਮੁਕੰਮਲ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਜਾਂਚ ਹੋਣ ਤੱਕ ਅਜਿਹੀਆਂ ਈਵੀਐੱਮਜ਼ ਨੂੰ ਸੀਲ ਅਤੇ ਸੁਰੱਖਿਅਤ ਰੱਖਿਆ ਜਾਵੇ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਅਸ਼ੋਕ ਗਹਿਲੋਤ, ਕੇਸੀ ਵੇਣੂਗੋਪਾਲ, ਜੈਰਾਮ ਰਮੇਸ਼, ਅਜੇ ਮਾਕਨ, ਪਵਨ ਖੇੜਾ ਅਤੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈਭਾਨ ’ਤੇ ਆਧਾਰਿਤ ਕਾਂਗਰਸੀ ਵਫ਼ਦ ਨੇ ਅੱਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਪਾਰਟੀ ਦੇ ਸੀਨੀਅਰ ਆਗੂ ਅਭਿਸ਼ੇਕ ਸਿੰਘਵੀ ਆਨਲਾਈਨ ਮੀਟਿੰਗ ’ਚ ਜੁੜੇ। ਇਸ ਮੌਕੇ ਵਫ਼ਦ ਨੇ ਹਰਿਆਣਾ ’ਚ ਵੱਖ ਵੱਖ ਹਲਕਿਆਂ ਦੀਆਂ ਸ਼ਿਕਾਇਤਾਂ ਦੇ ਨਾਲ ਨਾਲ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ। ਕਾਂਗਰਸ ਆਗੂਆਂ ਨੇ ਸੱਤ ਲਿਖਤੀ ਸਮੇਤ 20 ਸ਼ਿਕਾਇਤਾਂ ਦਿੱਤੀਆਂ ਹਨ ਜਿਨ੍ਹਾਂ ’ਚ ਦੋਸ਼ ਲਾਇਆ ਹੈ ਕਿ ਵੋਟਾਂ ਦੀ ਗਿਣਤੀ ਦੌਰਾਨ ਈਵੀਐੱਮਜ਼ 99 ਫ਼ੀਸਦੀ ਬੈਟਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਸਨ ਜਦਕਿ ਔਸਤਨ ਈਵੀਐੱਮਐੱਜ 60-70 ਫ਼ੀਸਦੀ ਬੈਟਰੀ ਸਮਰੱਥਾ ਨਾਲ ਚੱਲ ਰਹੀਆਂ ਸਨ। ਮੀਟਿੰਗ ਮਗਰੋਂ ਹੁੱਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਵੋਟਾਂ ਦੀ ਗਿਣਤੀ ’ਤੇ ਸ਼ੰਕੇ ਹਨ ਕਿਉਂਕਿ ਹਰਿਆਣਾ ਦੇ ਚੋਣ ਨਤੀਜੇ ਹੈਰਾਨ ਕਰਨ ਵਾਲੇ ਹਨ। ਹਰ ਕਿਸੇ ਨੂੰ ਯਕੀਨ ਸੀ ਕਿ ਹਰਿਆਣਾ ’ਚ ਕਾਂਗਰਸ ਅਗਲੀ ਸਰਕਾਰ ਬਣਾਉਣ ਜਾ ਰਹੀ ਹੈ। ਜਦੋਂ ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਕਾਂਗਰਸ ਜਿੱਤ ਰਹੀ ਸੀ ਪਰ ਜਿਵੇਂ ਹੀ ਈਵੀਐੱਮਜ਼ ਖੁੱਲ੍ਹੀਆਂ ਤਾਂ ਇਸ ਦੇ ਉਲਟ ਨਤੀਜੇ ਆਉਣੇ ਸ਼ੁਰੂ ਹੋ ਗਏ ਸਨ।’’ ਉਨ੍ਹਾਂ ਕਿਹਾ ਕਿ ਕਾਂਗਰਸ ਅਗਲੇ ਕੁਝ ਦਿਨਾਂ ’ਚ ਚੋਣ ਕਮਿਸ਼ਨ ਨੂੰ ਹੋਰ ਸ਼ਿਕਾਇਤਾਂ ਦੇਵੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਮਾਮਲੇ ਦੀ ਪੜਤਾਲ ਦਾ ਭਰੋਸਾ ਦਿੱਤਾ ਹੈ। ਚੋਣ ਕਮਿਸ਼ਨ ਨੂੰ ਸੌਂਪੇ ਮੰਗ ਪੱਤਰ ’ਚ ਪਾਰਟੀ ਨੇ ਕਿਹਾ ਹੈ ਕਿ ਨਿਰਪੱਖ, ਪਾਰਦਰਸ਼ੀ ਅਤੇ ਜਵਾਬਦੇਹ ਢੰਗ ਨਾਲ ਵੋਟਾਂ ਦੀ ਗਿਣਤੀ ਕਿਸੇ ਵੀ ਚੋਣ ਪ੍ਰਕਿਰਿਆ ਦੀ ਪਛਾਣ ਹੈ ਜੋ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਸਿਧਾਂਤਾਂ ਅਤੇ ਸੰਵਿਧਾਨ ਮੁਤਾਬਕ ਇਕ ਬਰਾਬਰ ਮੌਕੇ ਦੇਣ ਦਾ ਦਾਅਵਾ ਕਰਦੀ ਹੈ। ਮੰਗ ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਇਹ ਮੁੱਦਾ ਕੁਝ ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਨੂੰ ਸੰਭਾਵੀ ਤੌਰ ’ਤੇ ਬਦਲ ਸਕਦਾ ਹੈ ਅਤੇ ਉਹ ਅਪੀਲ ਕਰਦੇ ਹਨ ਕਿ ਕਮਿਸ਼ਨ ਫੌਰੀ ਇਸ ਦੀ ਜਾਂਚ ਦੇ ਹੁਕਮ ਦੇਵੇ।