ਨਵੀਂ ਦਿੱਲੀ: ਹਰਿਆਣਾ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਮਿਲੇ ਸਪਸ਼ਟ ਬਹੁਮਤ ਤੋਂ ਇਕ ਦਿਨ ਮਗਰੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਸੀਨੀਅਰ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਸੈਣੀ ਦਾ ਹਲਫ਼ਦਾਰੀ ਸਮਾਗਮ ਦਸਹਿਰੇ ਤੋਂ ਬਾਅਦ ਹੋਵੇਗਾ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰੀ ਗ੍ਰਹਿ ਮੰੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਾਲ ਮੀਟਿੰਗ ਉਪਰੰਤ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸੈਂਬਲੀ ਚੋਣਾਂ ਵਿਚ ਮਿਲੀ ਜਿੱਤ ਦਾ ਸਿਹਰਾ ਮੋਦੀ ਦੀਆਂ ਨੀਤੀਆਂ ਸਿਰ ਬੰਨ੍ਹਿਆ। ਦਿੱਲੀ ਦੀ ਆਪਣੀ ਫੇਰੀ ਦੌਰਾਨ ਸੈਣੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਵੀ ਮਿਲੇ। ਕਾਂਗਰਸ ਵੱਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਬਾਰੇ ਜ਼ਾਹਿਰ ਕੀਤੇ ਸ਼ੰਕਿਆਂ ਬਾਰੇ ਸਵਾਲ ਦੇ ਜਵਾਬ ਵਿਚ ਸੈਣੀ ਨੇ ਕਿਹਾ ਕਿ ਵਿਰੋਧੀ ਪਾਰਟੀ ਝੂਠ ਦਾ ਪੁਲੰਦਾ ਬਣਾ ਰਹੀ ਹੈ। ਉਧਰ ਸ੍ਰੀ ਮੋਦੀ ਨੇ ਐਕਸ ’ਤੇ ਕਿਹਾ ਕਿ ਉਨ੍ਹਾਂ ਪਾਰਟੀ ਨੂੰ ਮਿਲੀ ਇਤਿਹਾਸਕ ਜਿੱਤ ਲਈ ਸੈਣੀ ਨੂੰ ਵਧਾਈ ਦਿੱਤੀ ਤੇ ਵਿਸ਼ਵਾਸ ਜਤਾਇਆ ਕਿ ‘ਵਿਕਸਤ ਭਾਰਤ’ ਦੇ ਨਿਰਮਾਣ ਦੇ ਅਹਿਦ ਵਿਚ ਹਰਿਆਣਾ ਦੀ ਭੂਮਿਕਾ ਬਹੁਤ ਅਹਿਮ ਹੈ। ਭਾਜਪਾ ਨੇ 90 ਮੈਂਬਰੀ ਹਰਿਆਣਾ ਅਸੈਂਬਲੀ ਦੀਆਂ 48 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਕਾਂਗਰਸ ਨੂੰ 37 ਸੀਟਾਂ ਨਾਲ ਸਬਰ ਕਰਨਾ ਪਿਆ, ਜਦੋਂਕਿ ਇਨੈਲੋ ਦੇ ਹਿੱਸੇ ਦੋ ਤੇ ਤਿੰਨ ਆਜ਼ਾਦ ਉਮੀਦਵਾਰ ਜੇਤੂ ਰਹੇ।