ਚੰਡੀਗੜ੍ਹ-ਹਰਿਆਣਾ ਵਿਧਾਨ ਸਭਾ ਚੋਣਾਂ ਲਈ ਹੁਣ ਜਦੋਂ ਤਿੰਨ ਦਿਨ ਬਚੇ ਹਨ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਸਿਖ਼ਰ ’ਤੇ ਪਹੁੰਚਾ ਦਿੱਤੀਆਂ ਹਨ। ਭਾਜਪਾ, ਕਾਂਗਰਸ, ‘ਆਪ’ ਸਣੇ ਹੋਰਨਾਂ ਸਿਆਸੀ ਪਾਰਟੀਆਂ ਦੇ ਕੌਮੀ ਆਗੂ ਸੂਬੇ ਭਰ ਵਿੱਚ ਚੋਣ ਪ੍ਰਚਾਰ ਲਈ ਡਟੇ ਹੋਏ ਹਨ। ਵਿਧਾਨ ਸਭਾ ਚੋਣਾਂ ਲਈ ਭਲਕੇ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਵਿੱਚ ਅੱਜ ਹੀ ਚੋਣ ਪ੍ਰਚਾਰ ਖਤਮ ਕਰ ਦਿੱਤਾ ਹੈ। ਭਾਜਪਾ ਦੇ ਇਨ੍ਹਾਂ ਦੋਵੇਂ ਵੱਡੇ ਆਗੂਆਂ ਦਾ 3 ਅਕਤੂਬਰ ਨੂੰ ਕੋਈ ਵੀ ਚੋਣ ਪ੍ਰੋਗਰਾਮ ਨਹੀਂ ਰੱਖਿਆ ਗਿਆ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਆਖਰੀ ਦਿਨ ਵੀ ਚੋਣ ਪ੍ਰਚਾਰ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਹਰਿਆਣਾ ਦੀਆਂ ਕੁਲ 90 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਦੇ ਕੌਮੀ ਪੱਧਰ ਦੇ ਆਗੂਆਂ ਨੇ ਜ਼ਿਆਦਾਤਰ ਸੀਟਾਂ ’ਤੇ ਚੋਣ ਪ੍ਰਚਾਰ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਵਿੱਚ ਚਾਰ ਵੱਡੀਆਂ ਜਨ ਸਭਾਵਾਂ ਕੀਤੀਆਂ ਹਨ। ਸ੍ਰੀ ਮੋਦੀ ਨੇ ਹਰਿਆਣਾ ਦੇ ਕੁਰੂਕਸ਼ੇਤਰ, ਸੋਨੀਪਤ, ਹਿਸਾਰ ਅਤੇ ਪਲਵਲ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਸੀ ਜਦੋਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਭਰ ਵਿੱਚ 6 ਤੋਂ 8 ਚੋਣ ਰੈਲੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਹੇਮਾ ਮਾਲਿਨੀ ਸਣੇ ਵੱਡੀ ਗਿਣਤੀ ਵਿੱਚ ਕੇਂਦਰੀ ਮੰਤਰੀਆਂ ਵੱਲੋਂ ਹਰਿਆਣਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਹੈ। ਕੌਮੀ ਭਾਜਪਾ ਆਗੂਆਂ ਨੇ ਆਪਣੇ ਚੋਣ ਪ੍ਰਚਾਰ ਵਿੱਚ ਭਾਜਪਾ ਦੀ ਡੱਬਲ ਇੰਜਣ ਸਰਕਾਰ ਵੱਲੋਂ 10 ਸਾਲਾਂ ਵਿੱਚ ਕੀਤੇ ਕੰਮਾਂ ਨੂੰ ਲੋਕਾਂ ਦੇ ਅੱਗੇ ਰੱਖਿਆ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਸੂਬੇ ਵਿੱਚ 2 ਲੱਖ ਨਵੀਆਂ ਨੌਕਰੀਆਂ ਦੇਣ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ, ਕਿਸਾਨਾਂ ਨੂੰ ਫਸਲਾਂ ’ਤੇ ਐੱਮਐੱਸਪੀ ਦੇਣ, ਲੋੜਵੰਦਾਂ ਨੂੰ ਘਰ ਸਣੇ ਹੋਰਨਾਂ ਵਾਅਦਿਆਂ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਗਿਆ ਹੈ। ਹਾਲਾਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਹਰਿਆਣਾ ਵਿੱਚ ਕਈ ਥਾਵਾਂ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਗਿਆ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਅਕਤੂਬਰ ਤੇ ਨਤੀਜਿਆਂ ਦਾ ਐਲਾਨ 8 ਅਕਤੂਬਰ ਨੂੰ ਹੋਵੇਗਾ।