ਧਨਬਾਦ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਜਾਣ ਮਗਰੋਂ ਖੁਦ ਨੂੰ ‘ਸ਼ਹੀਦ ਵਜੋਂ ਪੇਸ਼ ਕਰਨ’ ਲਈ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅੱਜ ਆਲੋਚਨਾ ਕੀਤੀ ਅਤੇ ਵੋਟਰਾਂ ਨੂੰ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਹੇਠਲੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀ ਅਪੀਲ ਕੀਤੀ।
ਉਨ੍ਹਾਂ ਇੱਥੇ ‘ਗੋਲਫ ਗਰਾਊਂਡ’ ’ਚ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਜੇਲ੍ਹ ਜਾਣ ਮਗਰੋਂ ‘ਸ਼ਹੀਦ’ ਬਣ ਦੇ ਘੁੰਮ ਰਹੇ ਹਨ। ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਜੇਲ੍ਹ ਜਾਣਾ ਕੋਈ ਸ਼ਹਾਦਤ ਹੈ? ਅਜਿਹੇ ਭ੍ਰਿਸ਼ਟ ਮੁੱਖ ਮੰਤਰੀ ਝਾਰਖੰਡ ਨੂੰ ਵਿਕਾਸ ਵੱਲ ਨਹੀਂ ਲਿਜਾ ਸਕਦੇ।’ ਉਨ੍ਹਾਂ ਕਿਹਾ, ‘ਅਜਿਹੀਆਂ ਤਾਕਤਾਂ ਨੂੰ ਬਾਹਰ ਦਾ ਰਾਹ ਦਿਖਾਓ ਤੇ ਸੂਬੇ ਦੇ ਮਿਸਾਲੀ ਵਿਕਾਸ ਲਈ ਭਾਜਪਾ ਨੂੰ ਦੋ ਕਾਰਜਕਾਲ ਦਿਓ।’ ਉਨ੍ਹਾਂ ਮੌਜੂਦਾ ਸਰਕਾਰ ’ਤੇ ਸਿਆਸੀ ਲਾਭ ਲਈ ‘ਘੁਸਪੈਠ ਤੇ ਧਰਮ ਤਬਦੀਲੀ’ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ ਅਤੇ ਵਾਅਦਾ ਕੀਤਾ ਕਿ ਭਾਜਪਾ ਸਰਕਾਰ ਬਣਨ ’ਤੇ ਝਾਰਖੰਡ ਤੋਂ ਸਾਰੇ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ‘ਇੱਕ ਦੇਸ਼, ਇੱਕ ਚੋਣ’ ਨੀਤੀ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਇਸ ਨਾਲ ਸਰਕਾਰੀ ਖਜ਼ਾਨੇ ’ਚ ਚਾਰ ਲੱਖ ਕਰੋੜ ਰੁਪਏ ਦੀ ਬਚਤ ਹੋ ਸਕਦੀ ਹੈ ਕਿਉਂਕਿ ਵਾਰ-ਵਾਰ ਚੋਣ ਕਰਾਉਣ ਨਾਲ ਦੇਸ਼ ਨੂੰ ਤਕਰੀਬਨ ਸੱਤ ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਵਿਦੇਸ਼ਾਂ ’ਚ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਭਾਰਤ ਹੁਦ ਇੱਕ ਕਮਜ਼ੋਰ ਦੇਸ਼ ਨਹੀਂ ਹੈ। ਉਨ੍ਹਾਂ ਪਾਕਿਸਤਾਨ ’ਚ ਭਾਰਤ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ, ‘ਅਸੀਂ ਕਿਸੇ ਨੂੰ ਭੜਕਾਉਂਦੇ ਨਹੀਂ, ਪਰ ਜੋ ਸਾਨੂੰ ਭੜਕਾਉਂਦਾ ਹੈ ਉਸ ਨੂੰ ਛੱਡਦੇ ਵੀ ਨਹੀਂ ਹਾਂ।