ਚੰਡੀਗੜ੍ਹ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇਸ਼ ’ਚ ਯੋਜਨਾਬੱਧ ਢੰਗ ਨਾਲ ਰੁਜ਼ਗਾਰ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ ਹੈ। ਅਸੰਧ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਭਰੋਸਾ ਜਤਾਇਆ ਕਿ 5 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਹੂੰਝਾ ਫੇਰ ਦੇਵੇਗੀ। ਉਨ੍ਹਾਂ ਜਾਤੀ ਜਨਗਨਣਾ ਦਾ ਮੁੱਦਾ ਵੀ ਚੁੱਕਿਆ ਅਤੇ ਭਾਜਪਾ ’ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਾਇਆ। ਰੈਲੀ ’ਚ ਕਾਂਗਰਸ ਸੰਸਦ ਮੈਂਬਰ ਕੁਮਾਰੀ ਸ਼ੈਲਜਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਪ੍ਰਦੇਸ਼ ਪ੍ਰਧਾਨ ਉਦੈਭਾਨ ਸਮੇਤ ਹੋਰ ਆਗੂ ਹਾਜ਼ਰ ਸਨ।
ਭਾਜਪਾ ਸਰਕਾਰ ’ਤੇ ਵਰ੍ਹਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਸ ਨੇ ਹਰਿਆਣਾ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਆਪਣੇ ਅਮਰੀਕਾ ਦੌਰੇ ਦੌਰਾਨ ਹਰਿਆਣਾ ਦੇ ਕੁਝ ਨੌਜਵਾਨਾਂ ਨਾਲ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਬਿਹਤਰ ਭਵਿੱਖ ਦੀ ਆਸ ’ਚ ਉਥੇ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਸੂਬੇ ’ਚ ਰੁਜ਼ਗਾਰ ਦੇ ਢੁੱਕਵੇਂ ਮੌਕੇ ਨਹੀਂ ਮਿਲੇ। ਕਾਂਗਰਸ ਆਗੂ ਨੇ ਕਿਹਾ ਕਿ ਨੌਜਵਾਨਾਂ ਨੇ ਦੱਸਿਆ ਕਿ 50 ਲੱਖ ਰੁਪਏ ਖ਼ਰਚਣ ’ਤੇ ਵੀ ਉਨ੍ਹਾਂ ਦਾ ਹਰਿਆਣਾ ’ਚ ਕਾਰੋਬਾਰ ਨਹੀਂ ਚੱਲ ਸਕਿਆ ਜਿਸ ਕਾਰਨ ਉਹ ਅਮਰੀਕਾ ਜਾਣ ਲਈ ਮਜਬੂਰ ਹੋਏ। ਉਨ੍ਹਾਂ ਕਰਨਾਲ ’ਚ ਇਕ ਨੌਜਵਾਨ ਦੇ ਪਰਿਵਾਰ ਨਾਲ ਮਿਲਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿੱਛੇ ਪਰਿਵਾਰ ਵੀ ਬੁਰੀ ਹਾਲਤ ’ਚ ਹੈ। ਉਨ੍ਹਾਂ ਭਾਜਪਾ ਸਰਕਾਰ ’ਤੇ ਗਲਤ ਜੀਐੱਸਟੀ ਪ੍ਰਬੰਧ ਰਾਹੀਂ ਛੋਟੇ ਕਾਰੋਬਾਰੀਆਂ ਦੇ ਖ਼ਾਤਮੇ ਦਾ ਦੋਸ਼ ਲਾਇਆ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਹ ਹਰਿਆਣਾ ਦੀ ਜੰਗ ਨਹੀਂ ਹੈ ਸਗੋਂ ਪੂਰੇ ਮੁਲਕ ਅਤੇ ਸੰਵਿਧਾਨ ਬਚਾਉਣ ਦੀ ਜੰਗ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਅਦਾਰੇ ਚੋਣ ਕਮਿਸ਼ਨ, ਨੌਕਰਸ਼ਾਹੀ, ਮੀਡੀਆ ਅਤੇ ਖ਼ੁਫ਼ੀਆ ਸੇਵਾਵਾਂ ਸੰਘ ਹਵਾਲੇ ਕਰ ਦਿੱਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ 90 ਵਿਅਕਤੀ (ਸਕੱਤਰ) ਸਰਕਾਰ ਚਲਾ ਰਹੇ ਹਨ ਜਿਨ੍ਹਾਂ ’ਚੋਂ ਸਿਰਫ਼ ਤਿੰਨ ਦਲਿਤ ਹਨ। ਉਨ੍ਹਾਂ ਕਿਹਾ ਕਿ ਦਲਿਤਾਂ ਨੂੰ ਢੁੱਕਵਾਂ ਦਰਜਾ ਦਿਵਾਉਣ ਲਈ ਹੀ ਉਹ ਜਾਤੀ ਜਨਗਨਣਾ ਕਰਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਿਰਫ਼ 10-15 ਲੋਕਾਂ ਲਈ ਯੋਜਨਾ ਬਣਾਉਂਦੇ ਹਨ। ਜੰਮੂ ਕਸ਼ਮੀਰ ਅਤੇ ਹਿਮਾਚਲ ’ਚ ਸੇਬ ਕਾਰੋਬਾਰ ’ਤੇ ਪਏ ਅਸਰ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੇ ਢੁੱਕਵੇਂ ਭਾਅ ਨਹੀਂ ਮਿਲ ਰਹੇ ਹਨ। ਉਨ੍ਹਾਂ ਕਿਹਾ, ‘ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਫ਼ਸਲਾਂ ’ਤੇ ਐੱਮਐੱਸਪੀ ਮਿਲੇਗੀ ਪਰ 25 ਅਰਬਪਤੀਆਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ।’