ਸ੍ਰੀਨਗਰ/ਕਟੜਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਜਮਹੂਰੀਅਤ ਦਾ ਜਸ਼ਨ ਮਨਾ ਰਹੇ ਹਨ ਅਤੇ ਨੌਜਵਾਨਾਂ ਦਾ ਲੋਕਤੰਤਰ ਵਿਚ ਭਰੋਸਾ ਬਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਜੰਮੂ-ਕਸ਼ਮੀਰ ਦਾ ਰਾਜ ਦਾ ਰੁਤਬਾ ਬਹਾਲ ਕਰਨ ਦਾ ਵਾਅਦਾ ਪੂਰਾ ਕੀਤਾ ਜਾਵੇਗਾ।
ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਗੱਠਜੋੜ ’ਤੇ ਗੁਆਂਢੀ ਮੁਲਕ ਪਾਕਿਸਤਾਨ ਦਾ ਏਜੰਡਾ ਲਾਗੂ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਧਰਤੀ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਬਹਾਲ ਨਹੀਂ ਕਰ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਦਾ ਏਜੰਡਾ ਹਿੰਸਾ ਅਤੇ ਅਸ਼ਾਂਤੀ ਫੈਲਾਉਣਾ ਹੈ। ਪ੍ਰਧਾਨ ਮੰਤਰੀ ਨੇ ਇਹ ਜ਼ੁਬਾਨੀ ਹਮਲਾ ਉਸ ਸਮੇਂ ਕੀਤਾ ਜਦੋਂ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਬਿਆਨ ਦਿੱਤਾ ਕਿ ਉਨ੍ਹਾਂ ਦਾ ਮੁਲਕ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਅਤੇ ਸੂਬੇ ਦਾ ਰੁਤਬਾ ਬਹਾਲ ਕਰਨ ਦੇ ਮੁੱਦੇ ’ਤੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਨਾਲ ਹੈ। ਮੋਦੀ ਨੇ ਅੱਜ ਸ੍ਰੀਨਗਰ ਅਤੇ ਕਟੜਾ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਰੈਲੀਆਂ ਕੀਤੀਆਂ। ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਉਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਪਾਰਟੀਆਂ ਅਤੇ ਪਰਿਵਾਰਾਂ ਨੇ ਆਪਣੇ ਹਿੱਤਾਂ ਲਈ ਜਮਹੂਰੀਅਤ ਅਤੇ ਕਸ਼ਮੀਰੀਅਤ ਨੂੰ ‘ਦਰੜਿਆ’ ਹੈ।
ਉਨ੍ਹਾਂ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਮਿਲਣ ਵਾਲਾ ਹਰ ਵੋਟ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਦੇ ਚੋਣ ਮਨੋਰਥ ਪੱਤਰ ਨੂੰ ਲਾਗੂ ਕਰੇਗਾ। ਮੋਦੀ ਨੇ ਕਿਹਾ, ‘‘ਉਹ ਧਾਰਾ 370 ਬਹਾਲ ਕਰਨਗੇ ਅਤੇ ਹਿੰਸਾ ਤੇ ਖ਼ੂਨ-ਖ਼ਰਾਬੇ ਦਾ ਦੌਰ ਮੁੜ ਸ਼ੁਰੂ ਹੋ ਜਾਵੇਗਾ। ਇਥੋਂ ਦੇ ਲੋਕਾਂ ’ਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਗੱਠਜੋੜ ’ਚ ਭਾਵੇਂ ਕੋਈ ਜੋਸ਼ ਨਾ ਹੋਵੇ ਪਰ ਗੁਆਂਢੀ ਮੁਲਕ ਬਹੁਤ ਉਤਸ਼ਾਹਿਤ ਹੈ। ਉਨ੍ਹਾਂ ਦੀ ਬੱਲੇ-ਬੱਲੇ ਪਾਕਿਸਤਾਨ ’ਚ ਹੋ ਰਹੀ ਹੈ।’’