ਨਵੀਂ ਦਿੱਲੀ- ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਅੱਜ ਐਲਾਨ ਕੀਤਾ ਕਿ ਜੇ ਸੂਬੇ ’ਚ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਐੱਮਐੱਸਪੀ ਲਈ ਕਾਨੂੰਨੀ ਗਾਰੰਟੀ ਅਤੇ ਜਾਤੀਗਤ ਸਰਵੇਖਣ ਸਮੇਤ ਸੱਤ ਗਾਰੰਟੀਆਂ ਪੂਰੀ ਕਰੇਗੀ। ਗਾਰੰਟੀਆਂ ਦੇ ਐਲਾਨ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਹਰਿਆਣਾ ਕਾਂਗਰਸ ਪ੍ਰਧਾਨ ਉਦੈਭਾਨ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਆਬਜ਼ਰਵਰ ਅਸ਼ੋਕ ਗਹਿਲੋਤ, ਅਜੇ ਮਾਕਨ ਅਤੇ ਪ੍ਰਤਾਪ ਸਿੰਘ ਬਾਜਵਾ ਹਾਜ਼ਰ ਸਨ। ਹੋਰ ਗਾਰੰਟੀਆਂ ’ਚ ਮਹਿਲਾਵਾਂ ਦਾ ਸ਼ਕਤੀਕਰਨ, ਸਮਾਜਿਕ ਸੁਰੱਖਿਆ ਦੀ ਮਜ਼ਬੂਤੀ, ਨੌਜਵਾਨਾਂ ਲਈ ਸੁਰੱਖਿਅਤ ਭਵਿੱਖ, ਪਰਿਵਾਰਾਂ ਦੀ ਭਲਾਈ ਅਤੇ ਗਰੀਬਾਂ ਲਈ ਮਕਾਨ ਸ਼ਾਮਲ ਹਨ। ਖੜਗੇ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਇਨ੍ਹਾਂ ਗਾਰੰਟੀਆਂ ਨੂੰ ਲਾਗੂ ਕਰਾਂਗੇ। ਇਸੇ ਕਰਕੇ ਅਸੀਂ ਇਨ੍ਹਾਂ ਦਾ ਨਾਮ ‘ਸੱਤ ਵਾਅਦੇ, ਪੱਕੇ ਇਰਾਦੇ’ ਰੱਖਿਆ ਹੈ।’ ਮਹਿਲਾਵਾਂ ਦੇ ਸ਼ਕਤੀਕਰਨ ਤਹਿਤ ਕਾਂਗਰਸ ਨੇ 500 ਰੁਪਏ ’ਚ ਗੈਸ ਸਿਲੰਡਰ ਅਤੇ 18 ਤੋਂ 60 ਸਾਲ ਦੀ ਹਰੇਕ ਔਰਤ ਨੂੰ 2-2 ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਹੈ। ਸਮਾਜਿਕ ਸੁਰੱਖਿਆ ਮਜ਼ਬੂਤ ਕਰਨ ਦੇ ਇਰਾਦੇ ਨਾਲ ਪਾਰਟੀ ਨੇ ਬਜ਼ੁਰਗਾਂ, ਦਿਵਿਆਂਗਾਂ ਅਤੇ ਵਿਧਵਾਵਾਂ ਨੂੰ 6-6 ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵੀ ਵਾਅਦਾ ਕੀਤਾ ਹੈ। ਉਨ੍ਹਾਂ ਪੁਰਾਣੀ ਪੈਨਸ਼ਨ ਯੋਜਨਾ ਵੀ ਬਹਾਲ ਕਰਨ ਦਾ ਵਾਅਦਾ ਕੀਤਾ ਹੈ। ਪਾਰਟੀ ਨੇ 300 ਯੂਨਿਟ ਬਿਜਲੀ ਮੁਫ਼ਤ ਦੇਣ ਅਤੇ 25 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਨ ਦਾ ਵੀ ਵਾਅਦਾ ਕੀਤਾ ਹੈ। ਕਿਸਾਨਾਂ ਦੀ ਭਲਾਈ ਪ੍ਰੋਗਰਾਮ ਤਹਿਤ ਕਾਂਗਰਸ ਨੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਕਾਨੂੰਨੀ ਗਾਰੰਟੀ ਦਾ ਵਾਅਦਾ ਕੀਤਾ ਹੈ।