ਜੰਮੂ/ਸ੍ਰੀਨਗਰ-ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ ਸੱਤ ਜ਼ਿਲ੍ਹਿਆਂ ਦੀਆਂ 24 ਸੀਟਾਂ ’ਤੇ ਅਮਨੋ-ਅਮਾਨ ਨਾਲ ਵੋਟਾਂ ਪਈਆਂ ਅਤੇ 59 ਫ਼ੀਸਦ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਇਨ੍ਹਾਂ ਵਿਚੋਂ 16 ਸੀਟਾਂ ਕਸ਼ਮੀਰ ਵਾਦੀ ਦੇ ਚਾਰ ਜ਼ਿਲ੍ਹਿਆਂ ਤੇ 8 ਸੀਟਾਂ ਜੰਮੂ ਖਿੱਤੇ ਦੇ ਤਿੰਨ ਜ਼ਿਲ੍ਹਿਆਂ ਵਿਚ ਪੈਂਦੀਆਂ ਹਨ। ਧਾਰਾ 370 ਮਨਸੂਖ ਕਰਨ ਦੇ ਪੰਜ ਸਾਲਾਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੋਟਾਂ ਪਈਆਂ। ਪਹਿਲੇ ਗੇੜ ਦੀ ਵੋਟਿੰਗ ਮਗਰੋਂ 219 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਈ ਹੈ, ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋ ਗਿਆ ਹੈ, ਉਨ੍ਹਾਂ ਵਿਚ ਸੀਪੀਐੱਮ ਦੇ ਮੁਹੰਮਦ ਯੂਸਫ਼ ਤਾਰੀਗਾਮੀ, ਕਾਂਗਰਸ ਦੇ ਗੁਲਾਮ ਅਹਿਮਦ ਮੀਰ, ਨੈਸ਼ਨਲ ਕਾਨਫਰੰਸ ਦੇ ਸਕੀਨਾ ਇਟੂ ਤੇ ਬਸ਼ੀਰ ਅਹਿਮਦ ਵੀਰੀ, ਪੀਡੀਪੀ ਦੀ ਇਲਤਿਜਾ ਮੁਫ਼ਤੀ ਤੇ ਸਰਤਾਜ ਮਦਨੀ ਅਤੇ ਭਾਜਪਾ ਦੇ ਸੋਫੀ ਮੁਹੰਮਦ ਯੂਸਫ਼ ਆਦਿ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਪੀਕੇ ਪੋਲ ਨੇ ਕਿਹਾ ਕਿ ਕੁਝ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਵੋਟਾਂ ਸ਼ਾਂਤਮਈ ਢੰਗ ਨਾਲ ਪਈਆਂ। ਉਨ੍ਹਾਂ ਕਿਹਾ ਕਿ ਕੁਝ ਪੋਲਿੰਗ ਸਟੇਸ਼ਨਾਂ ’ਤੇ ਕੁਝ ਝੜਪਾਂ ਹੋਈਆਂ ਪਰ ਕੋਈ ਗੰਭੀਰ ਵਾਰਦਾਤ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਪਿਛਲੀਆਂ ਸੱਤ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ’ਚ ਇਹ ਸਭ ਤੋਂ ਵਧ ਵੋਟਿੰਗ ਫ਼ੀਸਦ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਦੇ ਬੂਥਾਂ ਅਤੇ ਪੋਸਟਲ ਬੈਲੇਟਾਂ ਬਾਰੇ ਰਿਪੋਰਟਾਂ ਮਿਲਣ ਮਗਰੋਂ ਵੋਟਿੰਗ ਫ਼ੀਸਦ ’ਚ ਵਾਅਦਾ ਹੋ ਸਕਦਾ ਹੈ। ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ 25 ਸਤੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ।
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਿਸ਼ਤਵਾੜ ਜ਼ਿਲ੍ਹੇ ’ਚ ਸਭ ਤੋਂ ਵਧ 77 ਫ਼ੀਸਦ ਅਤੇ ਸਭ ਤੋਂ ਘੱਟ 46 ਫ਼ੀਸਦ ਪੁਲਵਾਮਾ ਜ਼ਿਲ੍ਹੇ ’ਚ ਵੋਟਿੰਗ ਹੋਈ। 80.06 ਫ਼ੀਸਦ ਵੋਟਿੰਗ ਇੰਦਰਵਾਲ ’ਚ ਦਰਜ ਹੋਈ। ਪੱਡਰ-ਨਾਗਸੇਨੀ ’ਚ 76.80 ਫ਼ੀਸਦ ਲੋਕਾਂ ਨੇ ਵੋਟ ਪਾਏ। ਡੋਡਾ ਪੱਛਮੀ ’ਚ 74.14 ਫ਼ੀਸਦ ਵੋਟਿੰਗ ਰਿਕਾਰਡ ਹੋਈ। ਕਸ਼ਮੀਰ ਵਾਦੀ ਦੇ ਪਹਿਲਗਾਮ ’ਚ ਸਭ ਤੋਂ ਵਧ 67.86 ਫ਼ੀਸਦ ਵੋਟਿੰਗ ਹੋਈ। ਚੋਣ ਵਿਭਾਗ ਮੁਤਾਬਕ ਡੀਐੱਚ ਪੋਰਾ ’ਚ 65.21, ਕੁਲਗਾਮ ’ਚ 59.58, ਕੋਕਰਨਾਗ ’ਚ 58 ਅਤੇ ਡੋਰੂ ’ਚ 57.90 ਫ਼ੀਸਦ ਵੋਟਾਂ ਪਈਆਂ ਹਨ। ਤਰਾਲ ’ਚ ਸਭ ਤੋਂ ਘੱਟ 40.58 ਫ਼ੀਸਦ ਵੋਟਿੰਗ ਰਿਕਾਰਡ ਕੀਤੀ ਗਈ। ਪਹਿਲੇ ਗੇੜ ਲਈ ਕੁੱਲ 3276 ਪੋਲਿੰਗ ਸਟੇਸ਼ਨ ਬਣਾਏ ਗਏ ਸਨ ਅਤੇ ਪੋਲਿੰਗ ਸਟਾਫ਼ ਦੇ 14000 ਮੈਂਬਰਾਂ ਇਸ ਪੂਰੇ ਅਮਲ ਨੂੰ ਨੇਪਰੇ ਚਾੜ੍ਹਿਆ। ਉਧਰ ਪਿਛਲੇ 36 ਸਾਲਾਂ ਤੋਂ ਜਲਾਵਤਨੀ ਵਰਗਾ ਜੀਵਨ ਬਿਤਾ ਰਹੇ ਕਸ਼ਮੀਰੀ ਪੰਡਤਾਂ ਨੇ ਵੀ ਵਾਦੀ ’ਚ ‘ਹੋਮਲੈਂਡ’ ਦੀ ਮੰਗ ਨੂੰ ਲੈ ਕੇ ਵੋਟਾਂ ਪਾਈਆਂ। ਕਸ਼ਮੀਰ ਦੇ 16 ਹਲਕਿਆਂ ’ਚ ਵੋਟਾਂ ਦੌਰਾਨ ਕਸ਼ਮੀਰੀ ਪੰਡਤ ਭਾਰੀ ਸੁਰੱਖਿਆ ਹੇਠ ਲੰਬੀਆਂ ਕਤਾਰਾਂ ’ਚ ਖੜ੍ਹੇ ਦਿਖਾਈ ਦਿੱਤੇ। ਸ਼ਨਗਸ-ਅਨੰਤਨਾਗ ਹਲਕੇ ’ਚ ਵੋਟ ਪਾਉਣ ਵਾਲੇ ਪੁਸ਼ਕਰ ਨਾਥ ਨੇ ਕਸ਼ਮੀਰੀ ਪੰਡਤਾਂ ਦੇ ਮੁੜ ਵਸੇਬੇ ਲਈ ਕੀਤੇ ਗਏ ਸਿਆਸੀ ਵਾਅਦਿਆਂ ’ਤੇ ਚਿੰਤਾ ਜਤਾਈ। ਨੌਜਵਾਨ ਕਸ਼ਮੀਰੀ ਪੰਡਤਾਂ ਨੇ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਜ਼ੋਰ ਦਿੱਤਾ। ਚੋਣਾਂ ਦੇ ਪਹਿਲੇ ਗੇੜ ’ਚ 35 ਹਜ਼ਾਰ ਤੋਂ ਵਧ ਕਸ਼ਮੀਰੀ ਪੰਡਤ 24 ਪੋਲਿੰਗ ਸਟੇਸ਼ਨਾਂ ’ਤੇ ਵੋਟ ਪਾਉਣ ਦੇ ਯੋਗ ਸਨ। ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਪੀਕੇ ਪੋਲ ਨੇ ਜੰਮੂ ’ਚ ਕਸ਼ਮੀਰੀ ਪਰਵਾਸੀਆਂ ਲਈ ਬਣਾਏ ਗਏ ਵੱਖ ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਚੋਣਾਂ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈਆਂ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ 16 ਵਿਧਾਨ ਸਭਾ ਹਲਕਿਆਂ ’ਚ ਕਸ਼ਮੀਰੀ ਪਰਵਾਸੀਆਂ ਲਈ 19 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਕਸ਼ਮੀਰੀ ਪੰਡਤਾਂ ਨੇ ਅਨੰਤਨਾਗ, ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ ਜ਼ਿਲ੍ਹਿਆਂ ’ਚ ਵੋਟਾਂ ਪਾਈਆਂ। ਭਾਈਚਾਰੇ ਦੇ ਛੇ ਉਮੀਦਵਾਰ ਚੋਣ ਲੜ ਰਹੇ ਹਨ।