ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਹ ਦੋ ਦਿਨ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਦਿੱਲੀ ’ਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕ ਉਨ੍ਹਾਂ ਨੂੰ ‘ਇਮਾਨਦਾਰੀ ਦਾ ਸਰਟੀਫਿਕੇਟ’ ਨਹੀਂ ਦਿੰਦੇ, ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਨਹੀਂ ਬੈਠਣਗੇ।
ਆਬਕਾਰੀ ਨੀਤੀ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ ਤਿਹਾੜ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਏ ਕੇਜਰੀਵਾਲ ਨੇ ਅੱਜ ਕਿਹਾ ਕਿ ਅਗਲੇ ਕੁਝ ਦਿਨਾਂ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਹੋਵੇਗੀ ਅਤੇ ਪਾਰਟੀ ਦੇ ਇੱਕ ਨੇਤਾ ਨੂੰ ਮੁੱਖ ਮੰਤਰੀ ਚੁਣਿਆ ਜਾਵੇਗਾ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਤਨੀ ਸੁਨੀਤਾ ਕੇਜਰੀਵਾਲ ਨਾਲ ਪਾਰਟੀ ਹੈੱਡਕੁਆਰਟਰ ਪੁੱਜੇ ਕੇਜਰੀਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਤੇ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਤਾਂ ਹੀ ਬਣਨਗੇ ਜਦੋਂ ਲੋਕ ਕਹਿਣਗੇ ਕਿ ਉਹ ਇਮਾਨਦਾਰ ਹਨ। ਸਿਸੋਦੀਆ ਨੂੰ ਆਬਕਾਰੀ ਨੀਤੀ ਮਾਮਲੇ ’ਚ ਪਿਛਲੇ ਮਹੀਨੇ ਜ਼ਮਾਨਤ ਮਿਲੀ ਸੀ। ਕੇਜਰੀਵਾਲ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੀ ਥਾਂ ਲੈਣ ਵਾਲੇ ਸੰਭਾਵੀ ਵਿਅਕਤੀਆਂ ਵਿੱਚ ਪਤਨੀ ਸੁਨੀਤਾ ਕੇਜਰੀਵਾਲ ਤੇ ਦਿੱਲੀ ਦੇ ਮੰਤਰੀ ਆਤਿਸ਼ੀ ਤੇ ਗੋਪਾਲ ਰਾਏ ਦੇ ਨਾਂ ਚਰਚਾ ਵਿੱਚ ਹਨ।ਕੇਜਰੀਵਾਲ ਨੇ ਕਿਹਾ, ‘ਮੈਂ ਦੋ ਦਿਨ ਬਾਅਦ ਅਸਤੀਫਾ ਦੇ ਦੇਵਾਂਗਾ ਅਤੇ ਲੋਕਾਂ ਤੋਂ ਪੁੱਛਾਂਗਾ ਕਿ ਕੀ ਮੈਂ ਇਮਾਨਦਾਰ ਹਾਂ? ਜਦੋਂ ਤੱਕ ਉਹ ਜਵਾਬ ਨਹੀਂ ਦਿੰਦੇ, ਮੈਂ ਮੁੱਖ ਮੰਤਰੀ ਦੀ ਕੁਰਸੀ ’ਤੇ ਨਹੀਂ ਬੈਠਾਂਗਾ।’ ਉਨ੍ਹਾਂ ਕਿਹਾ, ‘ਦਿੱਲੀ ’ਚ ਫਰਵਰੀ ਮਹੀਨੇ ਚੋਣਾਂ ਹੋਣੀਆਂ ਹਨ ਪਰ ਮੇਰੀ ਮੰਗ ਹੈ ਕਿ ਕੌਮੀ ਰਾਜਧਾਨੀ ’ਚ ਚੋਣਾਂ ਮਹਾਰਾਸ਼ਟਰ ਦੇ ਨਾਲ ਨਵੰਬਰ ’ਚ ਹੀ ਕਰਵਾਈਆਂ ਜਾਣ। ਮੈਂ ਮੁੱਖ ਮੰਤਰੀ ਦੀ ਕੁਰਸੀ ’ਤੇ ਉਦੋਂ ਹੀ ਬੈਠਾਂਗਾ ਜਦੋਂ ਲੋਕ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇਣਗੇ। ਮੈਂ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਅਗਨੀ ਪ੍ਰੀਖਿਆ ਦੇਣਾ ਚਾਹੁੰਦਾ ਹਾਂ।’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਉਨ੍ਹਾਂ ਨੂੰ ਭ੍ਰਿਸ਼ਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਗਵਾ ਪਾਰਟੀ ਲੋਕਾਂ ਨੂੰ ਚੰਗੇ ਸਕੂਲ ਤੇ ਮੁਫ਼ਤ ਬਿਜਲੀ ਮੁਹੱਈਆ ਨਹੀਂ ਕਰਵਾ ਸਕੀ ਕਿਉਂਕਿ ਉਹ ਭ੍ਰਿਸ਼ਟ ਹੈ। ਉਨ੍ਹਾਂ ਕਿਹਾ, ‘ਅਸੀਂ ਇਮਾਨਦਾਰ ਹਾਂ।’ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ‘ਉਹ ਗ਼ੈਰ-ਭਾਜਪਾ ਮੁੱਖ ਮੰਤਰੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕਰਦੇ ਹਨ। ਜੇ ਮੁੱਖ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਸਤੀਫਾ ਨਾ ਦੇਣ ਬਲਕਿ ਜੇਲ੍ਹ ਤੋਂ ਹੀ ਆਪਣੀ ਸਰਕਾਰ ਚਲਾਉਣ।’ ਕੇਜਰੀਵਾਲ ਨੇ ਕਿਹਾ, ‘ਮੈਂ (ਆਬਕਾਰੀ ਨੀਤੀ ਮਾਮਲੇ ’ਚ ਗ੍ਰਿਫ਼ਤਾਰੀ ਮਗਰੋਂ) ਅਸਤੀਫਾ ਨਹੀਂ ਦਿੱਤਾ ਕਿਉਂਕਿ ਮੈਂ ਲੋਕਤੰਤਰ ਦਾ ਸਨਮਾਨ ਕਰਦਾ ਹਾਂ ਅਤੇ ਮੇਰੇ ਲਈ ਸੰਵਿਧਾਨ ਸਭ ਤੋਂ ਉੱਪਰ ਹੈ।’ ਉਨ੍ਹਾਂ ਕਿਹਾ ਕਿ, ‘ਸਾਡੇ ਨੇਤਾ ਸਤੇਂਦਰ ਜੈਨ ਅਤੇ ਅਮਾਨਤੁੱਲ੍ਹਾ ਖਾਨ ਅਜੇ ਵੀ ਜੇਲ੍ਹ ’ਚ ਹਨ। ਮੈਨੂੰ ਉਮੀਦ ਹੈ ਕਿ ਉਹ ਜਲਦੀ ਹੀ ਬਾਹਰ ਆ ਜਾਣਗੇ।’