18 Sep 2024

ਬੰਗਾਲ ਦੇ ਲੋਕਾਂ ਲਈ ਅਸਤੀਫ਼ਾ ਦੇਣ ਨੂੰ ਤਿਆਰ: ਮਮਤਾ

ਕੋਲਕਾਤਾ- ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਧਰਨਾ ਦੇ ਰਹੇ ਜੂਨੀਅਰ ਡਾਕਟਰਾਂ ਅਤੇ ਸੂਬਾ ਸਰਕਾਰ ਵਿਚਕਾਰ ਗੱਲਬਾਤ ਨੂੰ ਲੈ ਕੇ ਜਾਰੀ ਅੜਿੱਕੇ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਬੰਗਾਲ ਦੇ ਲੋਕਾਂ ਲਈ ਅਹੁਦੇ ਤੋਂ ਅਸਤੀਫ਼ਾ ਦੇਣ ਵਾਸਤੇ ਤਿਆਰ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਮੁੱਖ ਮੰਤਰੀ ਅਤੇ ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫੋਰਮ ਦੇ 30 ਮੈਂਬਰੀ ਵਫ਼ਦ ਵਿਚਕਾਰ ਅੱਜ ਵੀ ਗੱਲਬਾਤ ਨਹੀਂ ਹੋ ਸਕੀ। ਡਾਕਟਰਾਂ ਨੇ ਸ਼ਰਤ ਰੱਖੀ ਹੈ ਕਿ ਮੀਟਿੰਗ ਦਾ ਸਿੱਧਾ ਪ੍ਰਸਾਰਣ ਹੋਵੇ ਪਰ ਸਰਕਾਰ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ। ਡਾਕਟਰਾਂ ਨੇ ਬਾਅਦ ’ਚ ਕਿਹਾ ਕਿ ਉਹ ਮਮਤਾ ਦਾ ਅਸਤੀਫ਼ਾ ਨਹੀਂ ਚਾਹੁੰਦੇ ਹਨ ਪਰ ਮੰਗਾਂ ਮੰਨੇ ਜਾਣ ਤੱਕ ਆਪਣਾ ਸੰਘਰਸ਼ ਜਾਰੀ ਰਖਣਗੇ।
ਮੀਟਿੰਗ ਲਈ ਡਾਟਕਰਾਂ ਦਾ ਵਫ਼ਦ ਨਾ ਪੁੱਜਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘ਸਾਡੀ ਸਰਕਾਰ ਦਾ ਅਪਮਾਨ ਹੋਇਆ ਹੈ। ਪਰ ਆਮ ਲੋਕ ਇਹ ਨਹੀਂ ਜਾਣਦੇ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਉਹ ਇਨਸਾਫ਼ ਨਹੀਂ ਸਗੋਂ ਕੁਰਸੀ ਚਾਹੁੰਦੇ ਹਨ। ਮੈਂ ਅਸਤੀਫ਼ਾ ਦੇਣ ਲਈ ਤਿਆਰ ਹਾਂ। ਮੈਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਚਾਹੀਦਾ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਉਹ ਜੂਨੀਅਰ ਡਾਕਟਰਾਂ ਨਾਲ ਮੀਟਿੰਗ ਦੇ ਸਿੱਧੇ ਪ੍ਰਸਾਰਣ ਦੀ ਇਜਾਜ਼ਤ ਨਹੀਂ ਦੇ ਸਕਦੇ ਹਨ ਕਿਉਂਕਿ ਆਰਜੀ ਕਰ ਹਸਪਤਾਲ ਦੇ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹ ਮਾਮਲਾ ਸੁਪਰੀਮ ਕੋਰਟ ’ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਮਾਮਲਾ ਸੁਪਰੀਮ ਕੋਰਟ ’ਚ ਨਾ ਹੁੰਦਾ ਤਾਂ ਉਨ੍ਹਾਂ ਮੀਟਿੰਗ ਦੇ ਸਿੱਧੇ ਪ੍ਰਸਾਰਣ ਦੀ ਇਜਾਜ਼ਤ ਦੇ ਦੇਣੀ ਸੀ। ਉਨ੍ਹਾਂ ਕਿਹਾ, ‘ਮੈਂ ਬੁੱਧਵਾਰ ਅਤੇ ਵੀਰਵਾਰ ਨੂੰ ਦੋ-ਦੋ ਘੰਟੇ ਤੋਂ ਵਧ ਸਮੇਂ ਤੱਕ ਡਾਕਟਰਾਂ ਦੀ ਉਡੀਕ ਕੀਤੀ। ਮੈਂ ਵਫ਼ਦ ਦੇ ਮੈਂਬਰਾਂ ਦੀ ਗਿਣਤੀ ਵੀ 15 ਤੋਂ 30 ਕਰ ਦਿੱਤੀ ਪਰ ਉਹ ਸਿੱਧੇ ਪ੍ਰਸਾਰਣ ’ਤੇ ਅੜੇ ਹੋਏ ਹਨ।’ ਮਮਤਾ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਗਰੀਬ ਲੋਕ ਤੜਫ ਰਹੇ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦਾ ਅਲਟੀਮੇਟਮ ਦਿੱਤਾ ਸੀ ਪਰ ਉਹ ਨਹੀਂ ਪਰਤੇ ਹਨ ਅਤੇ ਉਹ ਉਨ੍ਹਾਂ ਨੂੰ ਮੁਆਫ਼ ਕਰਦੀ ਹੈ ਕਿਉਂਕਿ ਉਹ ਡਾਕਟਰਾਂ ਖ਼ਿਲਾਫ਼ ਕੋਈ ਕਾਲਾ ਕਾਨੂੰਨ ਵਰਤਣ ਦੇ ਪੱਖ ’ਚ ਨਹੀਂ ਹੈ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਸ਼ਾਮ ਕਰੀਬ 5.25 ਵਜੇ ਮੀਟਿੰਗ ਲਈ ਸਕੱਤਰੇਤ ਪੁੱਜੇ ਸਨ ਪਰ ਉਹ ਇਕ ਘੰਟੇ ਤੱਕ ਬਾਹਰ ਹੀ ਬੈਠੇ ਆਪਸ ’ਚ ਵਿਚਾਰ ਵਟਾਂਦਰਾ ਕਰਦੇ ਰਹੇ। ਦੋਵੇਂ ਧਿਰਾਂ, ਸਰਕਾਰ ਅਤੇ ਡਾਕਟਰ ਆਪਣੀਆਂ ਆਪਣੀਆਂ ਸ਼ਰਤਾਂ ’ਤੇ ਅੜੇ ਰਹੇ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਡਾਕਟਰਾਂ ਦੇ ਵਫ਼ਦ ਦੀ ਉਡੀਕ ਕਰਦੀ ਰਹੀ। ਡੀਜੀਪੀ ਰਾਜੀਵ ਕੁਮਾਰ, ਏਡੀਜੀ ਸੁਪ੍ਰਤਿਮ ਸਰਕਾਰ ਅਤੇ ਮੁੱਖ ਸਕੱਤਰ ਮਨੋਜ ਪੰਤ ਡਾਕਟਰਾਂ ਦੇ ਵਫ਼ਦ ਨੂੰ ਗੱਲਬਾਤ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਡਾਕਟਰ ਆਪਣੀ ਮੰਗ ’ਤੇ ਅੜੇ ਰਹੇ। ਮੁੱਖ ਸਕੱਤਰ ਨੇ ਕਿਹਾ ਕਿ ਮੀਟਿੰਗ ਦਾ ਸਿੱਧਾ ਪ੍ਰਸਾਰਣ ਸੰਭਵ ਨਹੀਂ ਹੈ ਅਤੇ ਡਾਕਟਰਾਂ ਨੂੰ ਭਰੋਸਾ ਦਿੱਤਾ ਸੀ ਕਿ ਗੱਲਬਾਤ ਰਿਕਾਰਡ ਕੀਤੀ ਜਾਵੇਗੀ ਪਰ ਡਾਕਟਰ ਨਹੀਂ ਮੰਨੇ।
 

More in ਰਾਜਨੀਤੀ

ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੀ ਕੌਮੀ ਤਾਲਮੇਲ ਕਮੇਟੀ ਦੀ ਮੀਟਿੰਗ ਅੱਜ ਇੱਥੇ...
ਚੰਡੀਗੜ੍ਹ- ਆਉਂਦੇ ਦਿਨਾਂ ’ਚ ਹਰਿਆਣਾ ਚੋਣਾਂ ਕਰਕੇ ਪੰਜਾਬ ਸਿਆਸੀ ਤੌਰ ’ਤੇ ‘ਖ਼ਾਲੀ’...
ਗੁਲਾਬਗੜ੍ਹ(ਜੰਮੂ ਕਸ਼ਮੀਰ)/ਸ੍ਰੀਨਗਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਜਪਾ...
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਹ ਦੋ ਦਿਨ ਬਾਅਦ...
ਜਮਸ਼ੇਦਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ’ਚ ਹੁਕਮਰਾਨ ਜੇਐੱਮਐੱਮ ਦੀ ਅਗਵਾਈ...
ਨਾਗਪੁਰ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇੱਕ ਵਾਰ ਇੱਕ ਆਗੂ ਨੇ ਪ੍ਰਧਾਨ ਮੰਤਰੀ ਅਹੁਦੇ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਆਬਕਾਰੀ ਨੀਤੀ ‘ਘਪਲੇ’ ਵਿਚ ਸੀਬੀਆਈ ਵੱਲੋਂ ਦਰਜ ਭ੍ਰਿਸ਼ਟਾਚਾਰ...
ਕੋਲਕਾਤਾ- ਇੱਥੋਂ ਦੀ ਅਦਾਲਤ ਨੇ ਆਰਜੀ ਕਰ ਹਸਪਤਾਲ ’ਚ ਕਥਿਤ ਜਬਰ ਜਨਾਹ ਮਗਰੋਂ ਮਹਿਲਾ ਡਾਕਟਰ...
ਨਵੀਂ ਦਿੱਲੀ- ਰੂਸੀ ਫੌਜ ਵਿਚ ਜਬਰੀ ਸ਼ਾਮਲ ਕੀਤੇ 45 ਭਾਰਤੀ ਨਾਗਰਿਕਾਂ ਨੂੰ ਸੇਵਾਵਾਂ ਤੋਂ ਮੁਕਤ...
ਵਾਸ਼ਿੰਗਟਨ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਨਾਲ ਨਜਿੱਠਣ ਦੇ...
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ...
ਚੰਡੀਗੜ੍ਹ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ...
Home  |  About Us  |  Contact Us  |  
Follow Us:         web counter