ਨਵੀਂ ਦਿੱਲੀ- ਰੂਸੀ ਫੌਜ ਵਿਚ ਜਬਰੀ ਸ਼ਾਮਲ ਕੀਤੇ 45 ਭਾਰਤੀ ਨਾਗਰਿਕਾਂ ਨੂੰ ਸੇਵਾਵਾਂ ਤੋਂ ਮੁਕਤ ਕਰਦਿਆਂ ਰਿਹਾਅ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ 50 ਤੋਂ ਵੱਧ ਭਾਰਤੀ ਨਾਗਰਿਕ ਹਾਲੇ ਵੀ ਯੂਕਰੇਨ ਖਿਲਾਫ਼ ਜੰਗ ਵਿਚ ਵੱਖ ਵੱਖ ਮੋਰਚਿਆਂ ’ਤੇ ਫਸੇ ਹਨ ਤੇ ਇਨ੍ਹਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਜਾਰੀ ਹਨ। ਸੂਤਰਾਂ ਨੇ ਕਿਹਾ ਕਿ ਜਿਨ੍ਹਾਂ 45 ਭਾਰਤੀਆਂ ਦੀ ਰੂਸੀ ਫੌਜ ’ਚੋਂ ਖਲਾਸੀ ਹੋਈ ਹੈ, ਉਨ੍ਹਾਂ ਵਿਚੋਂ 22 ਆਪਣੇ ਘਰਾਂ ਨੂੰ ਪਰਤ ਆਏ ਹਨ। ਇਨ੍ਹਾਂ ਵਿਚੋਂ ਛੇ ਭਾਰਤੀ ਨਾਗਰਿਕ ਦੋ ਦਿਨ ਪਹਿਲਾਂ ਭਾਰਤ ਪੁੱਜੇ ਹਨ। ਤਰਜਮਾਨ ਨੇ ਕਿਹਾ ਕਿ ਬਾਕੀਆਂ ਦੇ ਕੇਸ ਅਮਲ ਅਧੀਨ ਹਨ ਤੇ ਉਨ੍ਹਾਂ ਦੀ ਵੀ ਜਲਦੀ ਘਰ ਵਾਪਸੀ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਮਾਸਕੋ ਫੇਰੀ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸੀ ਫੌਜ ਵਿਚ ਧੋਖੇ ਤੇ ਝੂਠ ਬੋਲ ਕੇ ਸ਼ਾਮਲ ਕੀਤੇ ਤੇ ਜਬਰੀ ਜੰਗ ਦੇ ਮੈਦਾਨ ਵਿਚ ਧੱਕੇ ਸਾਰੇ ਭਾਰਤੀਆਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ। ਕਾਬਿਲੇਗੌਰ ਹੈ ਕਿ ਨਵੀਂ ਦਿੱਲੀ ਤੋਂ ਤਾਮਿਲ ਨਾਡੂ ਤੱਕ ਫੈਲੇ ਮਨੁੱਖੀ ਤਸਕਰੀ ਨੈੱਟਵਰਕ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਾਂ ਤੇ ਸਥਾਨਕ ਏਜੰਟਾਂ ਦੀ ਮਦਦ ਨਾਲ ਲੋਕਾਂ ਨੂੰ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਜਾਂ ‘ਸ਼ੱਕੀ ਪ੍ਰਾਈਵੇਟ ਯੂਨੀਵਰਸਿਟੀਆਂ’ ਵਿਚ ਦਾਖ਼ਲਿਆਂ ਦੀ ਪੇਸ਼ਕਸ਼ ਕਰਕੇ ਰੂਸ ਭੇਜਿਆ ਜਾਂਦਾ ਹੈ। ਇਕ ਵਾਰੀ ਰੂਸ ਪਹੁੰਚਣ ਮਗਰੋਂ ਇਨ੍ਹਾਂ ਦੇ ਪਾਸਪੋਰਟ ਖੋਹ ਲਏ ਜਾਂਦੇ ਹਨ ਤੇ ਜੰਗ ਦੇ ਮੈਦਾਨ ਵਿਚ ਧੱਕਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਰੱਖਿਆ ਬਲਾਂ ਵਾਲੀ ਸਿਖਲਾਈ ਦਿੱਤੀ ਜਾਂਦੀ ਹੈ। ਸੌ ਦੇ ਕਰੀਬ ਭਾਰਤੀ ਨਾਗਰਿਕ ਰੂਸ ਵਿਚ ਫਸੇ ਹੋਏ ਸਨ। ਯੂਕਰੇਨ ਖਿਲਾਫ਼ ਜੰਗ ਦੇ ਮੈਦਾਨ ’ਚ ਧੱਕੇ ਅੱਠ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ।