ਜੰਮੂ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਜੰਮੂ ਕਸ਼ਮੀਰ ਵਿਚ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਇੰਡੀਆ ਗੱਠਜੋੜ ਦੇ ਹੋਰਨਾਂ ਭਾਈਵਾਲਾਂ ਦੀ ਮਦਦ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਖੁੱਸੇ ਹੋਏ ਰਾਜ ਦੇ ਰੁਤਬੇ ਦੀ ਬਹਾਲੀ ਯਕੀਨੀ ਬਣਾਏਗੀ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਵਿਸ਼ਵਾਸ ਜਤਾਇਆ ਕਿ ਚੋਣਾਂ ਮਗਰੋਂ ਉਨ੍ਹਾਂ ਦੀ ਪਾਰਟੀ ਦੀ ਗੱਠਜੋੜ ਸਰਕਾਰ ਬਣੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲੀਆ ਲੋਕ ਸਭਾ ਚੋਣਾਂ ਮਗਰੋਂ ਆਪਣਾ ਭਰੋਸਾ ਗੁਆ ਚੁੱਕੇ ਹਨ ਤੇ ਹੁਣ ਸਮਾਂ ਦੂਰ ਨਹੀਂ, ਜਦੋਂ ਉਨ੍ਹਾਂ ਦੀ ਸਰਕਾਰ ਨੂੰ ਲਾਂਭੇ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਨੂੰ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਨ੍ਹਾਂ ਦੇ ਕਾਰਪੋਰੇਟ ਦੋਸਤ ਚਲਾਉਂਦੇ ਹਨ। ਕਾਂਗਰਸ ਆਗੂ ਨੇ ਕਿਹਾ, ‘ਅਸੀਂ ਜੰਮੂ ਕਸ਼ਮੀਰ ਵਿਚ ਅਸੈਂਬਲੀ ਚੋਣਾਂ ਕਰਵਾਉਣ ਤੋਂ ਪਹਿਲਾਂ ਇਸ ਦਾ ਰਾਜ ਦਾ ਰੁਤਬਾ ਬਹਾਲ ਕਰਨ ਦੀ ਇੱਛਾ ਜਤਾਈ ਸੀ, ਪਰ ਭਾਜਪਾ ਤਿਆਰ ਨਹੀਂ ਸੀ ਤੇ ਉਹ ਪਹਿਲਾਂ ਚੋਣਾਂ ਕਰਵਾਉਣਾ ਚਾਹੁੰਦੀ ਸੀ।’ ਜੰਮੂ ਕਸ਼ਮੀਰ ਅਸੈਂਬਲੀ ਲਈ ਤਿੰਨ ਪੜਾਵਾਂ ਵਿਚ 18 ਤੇ 25 ਸਤੰਬਰ ਅਤੇ 1 ਅਕਤੂੁਬਰ ਨੂੰ ਵੋਟਾਂ ਪੈਣੀਆਂ ਹਨ। ਕਾਂਗਰਸ ਨੇ ਚੋਣਾਂ ਲਈ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਕੀਤਾ ਹੈ। ਰਾਮਬਨ ਜ਼ਿਲ੍ਹੇ ਵਿਚ ਬਨੀਹਾਲ ਅਸੈਂਬਲੀ ਹਲਕੇ ’ਚ ਆਉਂਦੇ ਸੰਗਲਦਾਨ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ, ‘ਭਾਜਪਾ ਚਾਹੇ ਜਾਂ ਨਾ, ਪਰ ਅਸੀਂ ਖਿੱਤੇ ਵਿਚ ਰਾਜ ਦੀ ਬਹਾਲੀ ਯਕੀਨੀ ਬਣਾਵਾਂਗੇ। ਅਸੀਂ ਇੰਡੀਆ ਗੱਠਜੋੜ ਦੇ ਬੈਨਰ ਹੇਠ ਸਰਕਾਰ ’ਤੇ ਦਬਾਅ ਪਾਵਾਂਗੇ।’ ਇਸ ਹਲਕੇ ਵਿਚ 23 ਹੋਰ ਖੰਡਾਂ ਨਾਲ ਪਹਿਲੇ ਗੇੜ ਤਹਿਤ ਵੋਟਾਂ ਪੈਣੀਆਂ ਹਨ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਵਿਕਾਰ ਰਸੂਲ ਵਾਨੀ ਇਸੇ ਹਲਕੇ ਤੋਂ ਚੋਣ ਲੜ ਰਹੇ ਹਨ। ਸੀਨੀਅਰ ਕਾਂਗਰਸ ਆਗੂ ਨੇ ਕਿਹਾ, ‘ਅਸੀਂ ਮੋਦੀ ਨੂੰ ਮਨੋਵਿਗਿਆਨਕ ਤੌਰ ’ਤੇ ਖ਼ਤਮ ਕਰ ਦਿੱਤਾ ਹੈ। ਇਸ ਦੌਰਾਨ ਰਾਹੁਲ ਗਾਂਧੀ ਤੇ ਫ਼ਾਰੂਕ ਅਬਦੁੱਲਾ ਨੇ ‘ਭਾਜਪਾ ਦੇ ਵਿਸ਼ਵਾਸਘਾਤ ਦੀ ਹਕੀਕਤ’ ਬਿਆਨ ਕਰਦੀ ‘ਚਾਰਜਸ਼ੀਟ’ ਵੀ ਜਾਰੀ ਕੀਤੀ।