ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖ਼ੁਦ ਹੀ ਉਚੇਚੇ ਤੌਰ ’ਤੇ ਭ੍ਰਿਸ਼ਟਾਚਰ ਅਤੇ ਗੈਂਗਸਟਰਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ। ਵਿਰੋਧੀ ਧਿਰ ਨੇ ਵੀ ਇਸ ਮੌਕੇ ਨੂੰ ਹੱਥੋਂ ਖੁੰਝਣ ਨਾ ਦਿੱਤਾ ਅਤੇ ਸੂਬੇ ’ਚ ਅਮਨ-ਕਾਨੂੰਨ ਨੂੰ ਲੈ ਕੇ ਸਰਕਾਰ ਨੂੰ ਰਗੜੇ ਲਾਏ।
ਤਿੰਨ ਰੋਜ਼ਾ ਸੈਸ਼ਨ ਅੱਜ ਬਾਅਦ ਦੁਪਹਿਰ ਦੋ ਵਜੇ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਨਾਲ ਸ਼ੁਰੂ ਹੋਇਆ। ਬਿਜ਼ਨਸ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਅੱਜ ਸਦਨ ਅੰਦਰ ਵਿਧਾਨਕ ਕੰਮਕਾਰ ਕਰਨ ਦਾ ਫ਼ੈਸਲਾ ਲਿਆ ਗਿਆ, ਜਦੋਂ ਕਿ ਪਹਿਲਾਂ ਸਿਰਫ਼ ਸ਼ਰਧਾਂਜਲੀ ਸਮਾਗਮ ਹੋਣ ਮਗਰੋਂ ਹੀ ਬੈਠਕ ਖ਼ਤਮ ਹੋਣੀ ਸੀ। ਕਮੇਟੀ ਦੀ ਮੀਟਿੰਗ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਇਜਲਾਸ ਦਾ ਸਮਾਂ ਦਸ ਦਿਨ ਕਰਨ ਦੀ ਮੰਗ ਰੱਖੀ।
ਮੁੱਖ ਮੰਤਰੀ ਭਗਵੰਤ ਮਾਨ ਸਦਨ ’ਚ ਕੁੱਝ ਸਮਾਂ ਹਾਜ਼ਰ ਰਹੇ। ਉਨ੍ਹਾਂ ਦੀ ਗੈਰਮੌਜੂਦਗੀ ਵਿਚ ਸਿਫ਼ਰ ਕਾਲ ਦੌਰਾਨ ਸਪੀਕਰ ਨੇ ਥਾਣਾ ਸਿਟੀ ਕੋਟਕਪੂਰਾ ’ਚ ਏਐੱਸਆਈ ਬੋਹੜ ਸਿੰਘ ’ਤੇ ਦਰਜ ਐੱਫਆਈਆਰ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਗੈਂਗਸਟਰ ਤੋਂ ਰਿਸ਼ਵਤ ਲਈ ਸੀ ਪਰ ਉਸ ਖ਼ਿਲਾਫ਼ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਸਪੀਕਰ ਨੇ ਹਾਕਮ ਤੇ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਇਹ ਜਾਣਨਾ ਚਾਹਿਆ ਕਿ ਪੁਲੀਸ ਵਿਚਲੀਆਂ ਕਾਲੀਆਂ ਭੇਡਾਂ ਅਤੇ ਖ਼ਾਸ ਕਰਕੇ ਏਐੱਸਆਈ ਖ਼ਿਲਾਫ਼ ਕੀ ਕਾਰਵਾਈ ਹੋ ਸਕਦੀ ਹੈ। ਸਪੀਕਰ ਨੇ ਸਦਨ ਤੋਂ ਸਹਿਮਤੀ ਲੈਣ ਮਗਰੋਂ ਏਐੱਸਆਈ ਦੇ ਮਾਮਲੇ ’ਚ ਡੀਜੀਪੀ ਤੋਂ ਮੰਗਲਵਾਰ ਸਵੇਰੇ 10 ਵਜੇ ਤੱਕ ਰਿਪੋਰਟ ਮੰਗ ਲਈ ਹੈ। ਇਸ ਮਾਮਲੇ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ।