ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਬਿਨ੍ਹਾਂ ਰੁਕਾਵਟ ਦੇ ਗੱਲਬਾਤ ਦਾ ਦੌਰ ਖ਼ਤਮ ਹੋ ਚੁੱਕਾ ਹੈ ਅਤੇ ਹਰ ਕੰਮ ਦੇ ਨਤੀਜੇ ਹੁੰਦੇ ਹਨ। ਕੌਮੀ ਰਾਜਧਾਨੀ ’ਚ ਇਕ ਕਿਤਾਬ ਰਿਲੀਜ਼ ਕਰਨ ਮੌਕੇ ਜੈਸ਼ੰਕਰ ਨੇ ਕਿਹਾ, ‘ਪਾਕਿਸਤਾਨ ਨਾਲ ਬਿਨ੍ਹਾਂ ਰੁਕਾਵਟ ਗੱਲਬਾਤ ਦਾ ਦੌਰ ਖ਼ਤਮ ਹੋ ਚੁੱਕਾ ਹੈ, ਜਿਥੋਂ ਤੱਕ ਜੰਮੂ ਕਸ਼ਮੀਰ ਦਾ ਸਬੰਧ ਹੈ ਤਾਂ ਧਾਰਾ 370 ਖ਼ਤਮ ਹੋਣ ਦੇ ਨਤੀਜੇ ਦਿਖ ਰਹੇ ਹਨ।’ ਪਾਕਿਸਤਾਨ ਨਾਲ ਮੌਜੂਦਾ ਸਬੰਧਾਂ ’ਤੇ ਭਾਰਤ ਦੇ ਸੰਤੁਸ਼ਟ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਹਾਂ ਅਤੇ ਨਾਂ ਦੋਹਾਂ ’ਚ ਜਵਾਬ ਦਿੱਤਾ। ‘ਪਰ ਜੋ ਮੈਂ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਅਸੀਂ ਖਾਮੋਸ਼ ਨਹੀਂ ਬੈਠੇ ਹਾਂ ਅਤੇ ਜਦੋਂ ਘਟਨਾਵਾਂ ਹਾਂ ਜਾਂ ਨਾਂਹ-ਪੱਖੀ ਰੂਪ ਲੈਣਗੀਆ ਤਾਂ ਅਸੀਂ ਪ੍ਰਤੀਕਰਮ ਜ਼ਰੂਰ ਦਿਆਂਗੇ।’ ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਪਾਕਿਸਤਾਨ ਨੇ ਅਕਤੂਬਰ ’ਚ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੀ ਇਸਲਾਮਾਬਾਦ ’ਚ ਹੋਣ ਵਾਲੀ ਮੀਟਿੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ। ਜੈਸ਼ੰਕਰ ਦਾ ਬਿਆਨ ਅਹਿਮੀਅਤ ਰਖਦਾ ਹੈ ਕਿਉਂਕਿ ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਜਿਥੇ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਨੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਕੇ ਰਿਸ਼ਤੇ ਸੁਖਾਵੇਂ ਬਣਾਉਣ ’ਤੇ ਜ਼ੋਰ ਦਿੱਤਾ ਹੈ। ਭਾਰਤ-ਅਮਰੀਕਾ ਸਬੰਧਾਂ ਬਾਰੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਅਹਿਮ ਸਬੰਧ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੁਝ ਖ਼ਿੱਤੇ ਅਤੇ ਮੁੱਦੇ ਹਨ ਜਿਨ੍ਹਾਂ ’ਤੇ ਮੁਲਕ ਅਮਰੀਕਾ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹੈ ਪਰ ਕੁਝ ਅਜਿਹੇ ਮੁੱਦੇ ਵੀ ਹਨ ਜਿਨ੍ਹਾਂ ’ਤੇ ਭਾਰਤ ਸਹਿਮਤ ਨਹੀਂ ਹੈ ਜਿਨ੍ਹਾਂ ਬਾਰੇ ਹਰ ਕੋਈ ਜਾਣਦਾ ਹੈ।