ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨਾਲ ਆਪਣੇ ਯੂਕਰੇਨ ਦੌਰੇ ਬਾਰੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਯੂਕਰੇਨ ਨਾਲ ਜੰਗ ਦੇ ਫੌਰੀ, ਪੱਕੇ ਅਤੇ ਸ਼ਾਂਤਮਈ ਹੱਲ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ।
ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਗੱਲਬਾਤ ਦੌਰਾਨ ਦੋਵੇਂ ਮੁਲਕਾਂ ਵਿਚਕਾਰ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਢੰਗ-ਤਰੀਕਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ, ‘‘ਰੂਸ-ਯੂਕਰੇਨ ਜੰਗ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਯੂਕਰੇਨ ਦੇ ਹੁਣੇ ਜਿਹੇ ਕੀਤੇ ਗਏ ਦੌਰੇ ਤੋਂ ਮਿਲੇ ਤਜਰਬਿਆਂ ਨੂੰ ਸਾਂਝਾ ਕੀਤਾ। ਜੰਗ ਦੇ ਫੌਰੀ, ਸਥਾਈ ਅਤੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ।’’
ਬਾਅਦ ’ਚ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਮੋਦੀ ਨੇ ਪੂਤਿਨ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਪਿਛਲੇ ਮਹੀਨੇ 22ਵੇਂ ਭਾਰਤ-ਰੂਸ ਦੁਵੱਲੇ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਆਪਣੇ ਰੂਸ ਦੇ ਸਫ਼ਲ ਦੌਰੇ ਨੂੰ ਯਾਦ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਦੋਵੇਂ ਆਗੂਆਂ ਨੇ ਰੂਸ-ਯੂਕਰੇਨ ਜੰਗ ਬਾਰੇ ਇਕ-ਦੂਜੇ ਨਾਲ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਆਪਣੇ ਦੌਰੇ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਜੰਗ ਦੇ ਪੱਕੇ ਅਤੇ ਸ਼ਾਂਤਮਈ ਹੱਲ ਲਈ ਸਾਰੀਆਂ ਧਿਰਾਂ ਵਿਚਕਾਰ ਵਾਰਤਾ ਅਤੇ ਕੂਟਨੀਤੀ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ।’’ ਬਿਆਨ ’ਚ ਕਿਹਾ ਗਿਆ ਕਿ ਦੋਵੇਂ ਆਗੂਆਂ ਨੇ ਕਈ ਦੁਵੱਲੇ ਮੁੱਦਿਆਂ ’ਤੇ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਭਾਰਤ ਤੇ ਰੂਸ ਵਿਚਕਾਰ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਕਦਮਾਂ ਬਾਰੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਆਪਸੀ ਹਿੱਤਾਂ ਦੇ ਵੱਖ ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਵੀ ਆਪੋ-ਆਪਣੇ ਵਿਚਾਰ ਪ੍ਰਗਟਾਏ। ਇਸ ਦੇ ਨਾਲ ਹੀ ਦੋਵੇਂ ਆਗੂਆਂ ਨੇ ਇਕ-ਦੂਜੇ ਦੇ ਸੰਪਰਕ ’ਚ ਬਣੇ ਰਹਿਣ ’ਤੇ ਵੀ ਸਹਿਮਤੀ ਜਤਾਈ। ਜ਼ਿਕਰਯੋਗ ਹੈ ਕਿ ਮੋਦੀ ਨੇ 23 ਅਗਸਤ ਨੂੰ ਕੀਵ ਦੀ ਕਰੀਬ 9 ਘੰਟਿਆਂ ਦੀ ਯਾਤਰਾ ਕੀਤੀ ਸੀ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਜੰਗ ਅਤੇ ਹੋਰ ਮਸਲਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ। ਉਨ੍ਹਾਂ ਜ਼ੇਲੈਂਸਕੀ ਨੂੰ ਭਾਰਤ ਆਉਣ ਦਾ ਵੀ ਸੱਦਾ ਦਿੱਤਾ ਸੀ। ਤਿੰਨ ਦਹਾਕੇ ਪਹਿਲਾਂ ਯੂਕਰੇਨ ਦੇ ਆਜ਼ਾਦ ਹੋਣ ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੌਰਾ ਸੀ।