ਵਾਰਸਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਰਵਾਨਾ ਹੋਣ ਤੋਂ ਪਹਿਲਾਂ ਅੱਜ ਕਿਹਾ ਕਿ ਭਾਰਤ ਇਹ ਮੰਨਦਾ ਹੈ ਕਿ ਜੰਗ ਦਾ ਮੈਦਾਨ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਖਿੱਤੇ ਵਿਚ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਲਈ ਭਾਰਤ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਬੁੱਧਵਾਰ ਨੂੰ ਦੋ ਰੋਜ਼ਾ ਫੇਰੀ ਲਈ ਪੋਲੈਂਡ ਪੁੱਜੇ ਸ੍ਰੀ ਮੋਦੀ ਨੇ ਉਪਰੋਕਤ ਟਿੱਪਣੀਆਂ ਪੋਲਿਸ਼ ਪ੍ਰਧਾਨ ਮੰਤਰੀ ਡੋਨਲਡ ਟਸਕ ਨਾਲ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਉਪਰੰਤ ਕੀਤੀਆਂ। ਦੋਵਾਂ ਆਗੂਆਂ ਨੇ ਭਾਰਤ-ਪੋਲੈਂਡ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਵਿੱਚ ਬਦਲਣ ਦਾ ਫੈਸਲਾ ਕੀਤਾ। ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਹੁਨਰਮੰਦ ਕਾਮਿਆਂ ਦੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਾਜਿਕ ਸੁਰੱਖਿਆ ਸਮਝੌਤੇ ’ਤੇ ਵੀ ਦਸਤਖਤ ਕੀਤੇ ।
ਦੋ ਮੁਲਕੀ ਫੇਰੀ ਦੇ ਦੂਜੇ ਪੜਾਅ ਤਹਿਤ ਸ੍ਰੀ ਮੋਦੀ ਕੀਵ ਜਾਣਗੇ। ਯੂਕਰੇਨ ਵਿਚ ਸੱਤ ਘੰਟਿਆਂ ਦੀ ਆਪਣੀ ਠਹਿਰ ਦੌਰਾਨ ਸ੍ਰੀ ਮੋਦੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਆਹਮੋ-ਸਾਹਮਣੀ ਤੇ ਵਫ਼ਦ ਪੱਧਰੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਵੀਰਵਾਰ ਦੇਰ ਸ਼ਾਮ ਨੂੰ ਟਰੇਨ ਰਾਹੀਂ ਕੀਵ ਲਈ ਨਿਕਲਣਗੇ ਤੇ ਇਹ ਸਫ਼ਰ 10 ਘੰਟਿਆਂ ਵਿਚ ਪੂਰਾ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਅਮਰੀਕੀ ਸਦਰ ਜੋਅ ਬਾਇਡਨ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਤੇ ਜਰਮਨ ਚਾਂਸਲਰ ਓਲਫ ਸ਼ੁਲਜ਼ ਸਣੇ ਕਈ ਆਲਮੀ ਆਗੂ ਕੀਵ ਦੌਰੇ ਲਈ ਟਰੇਨ ਦਾ ਸਫ਼ਰ ਕਰ ਚੁੱਕੇ ਹਨ। ਮੋਦੀ-ਟਸਕ ਬੈਠਕ ਉੁਪਰੰਤ ਜਾਰੀ ਸਾਂਝੇ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਕੌਮਾਂਤਰੀ ਕਾਨੂੰਨ ਦੀ ਪਾਲਣਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਰੇ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਦੂਜੇ ਮੁਲਕ ਦੀ ਪ੍ਰਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਜਾਂ ਸਿਆਸੀ ਆਜ਼ਾਦੀ ਖਿਲਾਫ਼ ਡਰਾਵੇ ਜਾਂ ਤਾਕਤ ਦੀ ਵਰਤੋਂ ਤੋਂ ਬਚਣ।
ਪੋਲਿਸ਼ ਹਮਰੁਤਬਾ ਟਸਕ ਨਾਲ ਗੱਲਬਾਤ ਮਗਰੋਂ ਸ੍ਰੀ ਮੋਦੀ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਕਿਹਾ, ‘‘ਯੂਕਰੇਨ ਤੇ ਪੱਛਮੀ ਏਸ਼ੀਆ ਵਿਚ ਜਾਰੀ ਟਕਰਾਅ ਸਾਡੇ ਸਾਰਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਭਾਰਤ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਜੰਗ ਦੇ ਮੈਦਾਨ ਵਿਚ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਲੱਭਿਆ ਜਾ ਸਕਦਾ। ਕਿਸੇ ਵੀ ਸੰਕਟ ਵਿਚ ਬੇਕਸੂਰ ਲੋਕਾਂ ਦੀਆਂ ਜਾਨਾਂ ਜਾਣੀਆਂ ਪੂਰੀ ਮਨੁੱਖਤਾ ਲਈ ਵੱਡੀ ਚੁਣੌਤੀ ਹੈ। ਅਸੀਂ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਲਈ ਸੰਵਾਦ ਤੇ ਕੂਟਨੀਤੀ ਦੀ ਵਕਾਲਤ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਇਸ ਲਈ, ਭਾਰਤ ਆਪਣੇ ਹਿਤੈਸ਼ੀ ਮੁਲਕਾਂ ਨੂੰ ਨਾਲ ਲੈ ਕੇ ਹਰ ਸੰਭਵ ਹਮਾਇਤ ਮੁਹੱਈਆ ਕਰਵਾਉਣ ਲਈ ਤਿਆਰ ਹੈ।’’ ਸ੍ਰੀ ਮੋਦੀ ਦੋ ਮੁਲਕੀ ਫੇਰੀ ਦੇ ਪਹਿਲੇ ਪੜਾਅ ਤਹਿਤ ਬੁੱਧਵਾਰ ਨੂੰ ਵਾਰਸਾ ਪਹੁੰਚੇ ਸਨ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕਰੀਬ ਅੱਧੀ ਸਦੀ ਮਗਰੋਂ ਪੋਲੈਂਡ ਦੀ ਪਲੇਠੀ ਫੇਰੀ ਹੈ।