ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੇਰੁਜ਼ਗਾਰੀ, ਮਹਿੰਗਾਈ ਤੇ ‘ਸੰਵਿਧਾਨ ’ਤੇ ਹਮਲਿਆਂ’ ਨੂੰ ਲੈ ਕੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਅਤੇ ਉਸ ’ਤੇ ਦੇਸ਼ ਦੇ ਗਰੀਬਾਂ ਤੇ ਮੱਧ ਵਰਗ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਅਹਿਮ ਮੁੱਦਿਆਂ ਨੂੰ ਲੈ ਕੇ ਮੁਹਿੰਮ ਸ਼ੁਰੂ ਕਰੇਗੀ ਅਤੇ ਜਨਤਾ ’ਚ ਜਾਵੇਗੀ। ਉਨ੍ਹਾਂ ਇਹ ਟਿੱਪਣੀ ਪਾਰਟੀ ਦੇ ਜਨਰਲ ਸਕੱਤਰਾਂ, ਸੂਬਾਈ ਇਕਾਈਆਂ ਦੇ ਮੁਖੀਆਂ ਤੇ ਸੂਬਾ ਇੰਚਾਰਜਾਂ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਹੋਰ ਜਥੇਬੰਦਕ ਮਸਲਿਆਂ ’ਤੇ ਚਰਚਾ ਲਈ ਸੱਦੀ ਮੀਟਿੰਗ ਦੌਰਾਨ ਕੀਤੀ। ਮੀਟਿੰਗ ਵਿੱਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਜਨਰਲ ਸਕੱਤਰ ਜੈਰਾਮ ਰਮੇਸ਼ ਤੇ ਕਈ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਉਨ੍ਹਾਂ ਕਿਹਾ, ‘ਸੇਬੀ ਤੇ ਅਡਾਨੀ ਵਿਚਾਲੇ ਮਿਲੀਭੁਗਤ ਦੇ ਹੈਰਾਨ ਕਰਨ ਵਾਲੇ ਖੁਲਾਸਿਆਂ ਦੀ ਡੂੰਘੀ ਜਾਂਚ ਦੀ ਲੋੜ ਹੈ।’ ਉਨ੍ਹਾਂ ਕਿਹਾ, ‘ਸ਼ੇਅਰ ਬਾਜ਼ਾਰ ’ਚ ਛੋਟੇ ਨਿਵੇਸ਼ਕਾਂ ਦਾ ਪੈਸਾ ਖਤਰੇ ’ਚ ਨਹੀਂ ਪਾਇਆ ਜਾ ਸਕਦਾ। ਮੋਦੀ ਸਰਕਾਰ ਨੂੰ ਤੁਰੰਤ ਸੇਬੀ ਮੁਖੀ ਤੋਂ ਅਸਤੀਫਾ ਮੰਗਣਾ ਚਾਹੀਦਾ ਹੈ ਅਤੇ ਇਸ ਸਬੰਧ ਵਿੱਚ ਜੇਪੀਸੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਵੱਲੋਂ ਸੰਵਿਧਾਨ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੇਸ਼ ’ਚ ਜਾਤੀ ਸਰਵੇਖਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਫਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਲਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਰੱਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਰੇਲਵੇ ਸੁਰੱਖਿਆ ਦੇ ਮਸਲੇ ’ਤੇ ਵੀ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਰੇਲ ਗੱਡੀਆਂ ਦਾ ਲੀਹੋਂ ਲੱਥਣਾ ਤਾਂ ਆਮ ਗੱਲ ਹੋ ਗਈ ਹੈ।