ਪੈਰਿਸ- ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕਸ ਵਿਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀ-ਸਟਾਈਲ ਵਰਗ ਵਿਚ ਪੋਰਟੋ ਰਿਕੋ ਦੇ ਡਾਰੀਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਅੰਡਰ-23 ਵਿਸ਼ਵ ਚੈਂਪੀਅਨ ਸਹਿਰਾਵਤ (21) ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਇਕੋ ਇਕ ਭਾਰਤੀ ਪੁਰਸ਼ ਪਹਿਲਵਾਨ ਸੀ ਤੇ ਉਹ ਕਰੋੋੜਾਂ ਭਾਰਤੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਿਰਾਵਤ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਸਹਿਰਾਵਤ ਦੇ ਪ੍ਰਦਰਸ਼ਨ ਤੋਂ ਉਸ ਦਾ ਸਮਰਪਣ ਤੇ ਦ੍ਰਿੜ੍ਹਤਾ ਝਲਕਦੀ ਹੈ ਤੇ ਸਾਰਾ ਦੇਸ਼ ਉਸ ਦੀ ਜਿੱਤ ਦਾ ਜਸ਼ਨ ਮਨਾਏਗਾ। ਸਹਿਰਾਵਤ ਹਰਿਆਣਾ ਦੇ ਮਕਬੂਲ ਛਤਰਸਾਲ ਅਖਾੜੇ ਦਾ ਪਹਿਲਵਾਨ ਹੈ। ਇਸੇ ਅਖਾੜੇ ਨੇ ਭਾਰਤ ਨੂੰ ਚਾਰ ਓਲੰਪਿਕ ਤਗ਼ਮਾ ਜੇਤੂ- ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਬਜਰੰਗ ਪੂਨੀਆ ਤੇ ਰਵੀ ਦਹੀਆ ਦਿੱਤੇ ਹਨ। ਸਹਿਰਾਵਤ ਦੀ ਜਿੱਤ ਨਾਲ ਭਾਰਤ ਦੇ ਹੁਣ ਪੰਜ ਕਾਂਸੀ ਦੇ ਤਗ਼ਮੇ ਹੋ ਗਏ ਹਨ ਜਦੋਂਕਿ ਇਕੋ ਇਕ ਚਾਂਦੀ ਦਾ ਤਗ਼ਮਾ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਜਿੱਤਿਆ ਹੈ। ਅਮਨ ਨੇ 13-5 ਨਾਲ ਮੁਕਾਬਲਾ ਜਿੱਤ ਕੇ ਭਾਰਤੀ ਪਹਿਲਵਾਨਾਂ ਵੱਲੋਂ ਤਗ਼ਮੇ ਨਾਲ ਦੇਸ਼ ਵਾਪਸੀ ਦੀ ਰਵਾਇਤ ਨੂੰ ਕਾਇਮ ਰੱਖਿਆ ਹੈ। ਉਧਰ ਭਾਰਤ ਦੀ ਰੀਤਿਕਾ ਹੁੱਡਾ ਸ਼ਨਿੱਚਰਵਾਰ ਨੂੰ ਮਹਿਲਾਵਾਂ ਦੇ 76 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਹੰਗਰੀ ਦੀ ਬੀ.ਨੇਗੀ ਦਾ ਸਾਹਮਣਾ ਕਰੇਗੀ