ਵਾਇਨਾਡ- ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਦੀ ਘਟਨਾ ਨੂੰ ਅਜਿਹੀ ਭਿਆਨਕ ਤ੍ਰਾਸਦੀ ਦੱਸਿਆ ਜੋ ਸੂਬੇ ਦੇ ਕਿਸੇ ਵੀ ਇਲਾਕੇ ’ਚ ਹੁਣ ਤੱਕ ਨਹੀਂ ਦੇਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤ੍ਰਾਸਦੀ ਨੂੰ ਵੱਖਰੇ ਤਰੀਕੇ ਨਾਲ ਸਿੱਝਿਆ ਜਾਣਾ ਚਾਹੀਦਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਉਹ ਇਹ ਮਾਮਲਾ ਦਿੱਲੀ ਅਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਕੋਲ ਵੀ ਚੁਕਣਗੇ ਕਿਉਂਕਿ ਇਹ ਇਕ ਵੱਖਰੀ ਤਰ੍ਹਾਂ ਦੀ ਤ੍ਰਾਸਦੀ ਹੈ ਅਤੇ ਇਸ ਨੂੰ ਵੱਖਰੇ ਹੀ ਢੰਗ ਨਾਲ ਸਿੱਝਿਆ ਜਾਣਾ ਚਾਹੀਦਾ ਹੈ।
‘ਅਜੇ ਧਿਆਨ ਲਾਸ਼ਾਂ ਅਤੇ ਸੰਭਾਵੀ ਜਿਊਂਦੇ ਬਚੇ ਲੋਕਾਂ ਨੂੰ ਲੱਭਣ ਤੇ ਇਹ ਯਕੀਨੀ ਬਣਾਉਣ ’ਤੇ ਹੈ ਕਿ ਉਜੜੇ ਲੋਕ ਕੈਂਪਾਂ ’ਚ ਬਿਹਤਰ ਹਾਲਾਤ ’ਚ ਰਹਿਣ ਅਤੇ ਉਨ੍ਹਾਂ ਦਾ ਮੁੜ ਵਸੇਬਾ ਹੋ ਸਕੇ।’ ਰਾਹੁਲ ਨੇ ਕਿਹਾ ਕਿ ਮੁੜ ਵਸੇਬਾ ਬਹੁਤ ਅਹਿਮ ਹੋਵੇਗਾ ਕਿਉਂਕਿ ਇਸ ਆਫ਼ਤ ’ਚ ਬਚੇ ਲੋਕਾਂ ਨੇ ਉਨ੍ਹਾਂ ਨੂੰ ਆਖਿਆ ਹੈ ਕਿ ਉਹ ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ ਇਲਾਕਿਆਂ ’ਚ ਵਾਪਸ ਨਹੀਂ ਜਾਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਵਾਇਨਾਡ ’ਚ 100 ਤੋਂ ਵੱਧ ਮਕਾਨ ਬਣਾਏਗੀ। ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤ ਦੇ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੀਟਿੰਗ ’ਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ ਵੀ ਹਾਜ਼ਰ ਸਨ।
ਅਧਿਕਾਰੀਆਂ ਨੇ ਉਨ੍ਹਾਂ ਨੂੰ ਢਿੱਗਾਂ ਡਿੱਗਣ ਦੀਆਂ ਘਟਨਾਵਾਂ ’ਚ ਹੋਈਆਂ ਮੌਤਾਂ ਅਤੇ ਤਬਾਹ ਹੋਏ ਘਰਾਂ ਤੇ ਲੋਕਾਂ ਦੀ ਭਾਲ ਸਬੰਧੀ ਆਪਣੀਆਂ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਰਾਹੁਲ, ਪ੍ਰਿਯੰਕਾ, ਕੇਸੀ ਵੇਣੂਗੋਪਾਲ, ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਕੇ. ਸੁਧਾਕਰਨ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਵੀਡੀ ਸਤੀਸ਼ਨ ਸਮੇਤ ਪਾਰਟੀ ਦੇ ਹੋਰ ਆਗੂਆਂ ਨੇ ਮੇਪਾਡੀ ਗ੍ਰਾਮ ਪੰਚਾਇਤ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਇਕ ਦਿਨ ਪਹਿਲਾਂ ਵਾਇਨਾਡ ਪਹੁੰਚੇ ਸਨ ਅਤੇ ਉਨ੍ਹਾਂ ਢਿੱਗਾਂ ਡਿੱਗਣ ਕਾਰਨ ਹੋਈ ਤਬਾਹੀ ਮਗਰੋਂ ਉਥੋਂ ਦੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਨੂੰ ਕੌਮੀ ਆਫ਼ਤ ਐਲਾਨਿਆ ਅਤੇ ਇਸ ਨਾਲ ਸਿੱਝਣ ਲਈ ਫੌਰੀ ਵੱਡੇ ਪੱਧਰ ’ਤੇ ਕਾਰਜ ਯੋਜਨਾ ਦੀ ਮੰਗ ਕੀਤੀ।