ਨਵੀਂ ਦਿੱਲੀ- ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਮਰਿਆਦਾ ਮਤਾ ਲਿਆਉਣ ਲਈ ਅੱਜ ਸਪੀਕਰ ਓਮ ਬਿਰਲਾ ਨੂੰ ਨੋਟਿਸ ਦਿੱਤਾ ਹੈ। ਚੰਨੀ ਨੇ ਇਹ ਨੋਟਿਸ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਕਸ ’ਤੇ ਇਕ ਵੀਡੀਓ ਪੋਸਟ ਕੀਤੇ ਜਾਣ ਦੇ ਸਬੰਧ ਵਿਚ ਦਿੱਤਾ ਹੈ। ਇਸ ਵੀਡੀਓ ਵਿਚ ਭਾਜਪਾ ਐੱਮਪੀ ਅਨੁਰਾਗ ਠਾਕੁਰ ਵੱਲੋਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖਿਲਾਫ਼ ਕੀਤੀਆਂ (ਵਿਵਾਦਿਤ) ਟਿੱਪਣੀਆਂ ਦਾ ਕਥਿਤ ਕੁਝ ਹਿੱਸਾ ਸ਼ਾਮਲ ਹੈ। ਠਾਕੁਰ ਨੇ ਲੰਘੇ ਦਿਨ ਲੋਕ ਸਭਾ ਵਿਚ ਕੇਂਦਰੀ ਬਜਟ ’ਤੇ ਚੱਲ ਰਹੀ ਬਹਿਸ ਦੌਰਾਨ ਇਹ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਨੂੰ ਵਿਰੋਧੀ ਧਿਰਾਂ ਦੇ ਇਤਰਾਜ਼ ਮਗਰੋਂ ਸਦਨ ਦੀ ਕਾਰਵਾਈ ’ਚੋਂ ਹਟਾ ਦਿੱਤਾ ਗਿਆ ਸੀ।
ਕਾਂਗਰਸ ਦੇ ਦਲਿਤ ਸੰਸਦ ਮੈਂਬਰ ਚੰਨੀ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਰਾਹੀਂ ਦਿੱਤੇ ਨੋਟਿਸ ਵਿਚ ਰੂਲਜ਼ ਆਫ਼ ਪ੍ਰੋਸੀਜ਼ਰ ਦੇ ਨੇਮ 222 ਤਹਿਤ ਪ੍ਰਧਾਨ ਮੰਤਰੀ ਖਿਲਾਫ਼ ਮਰਿਆਦਾ ਮਤਾ ਲਿਆਉਣ ਦੀ ਮੰਗ ਕੀਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰੰਤਰੀ ਨੇ ਬਿਰਲਾ ਨੂੰ ਲਿਖੇ ਪੱਤਰ ਵਿਚ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਵੱਲੋਂ ਐਕਸ ’ਤੇ ਕੁਝ ਟਿੱਪਣੀਆਂ, ਜਿਨ੍ਹਾਂ ਨੂੰ ਚੇਅਰ ਨੇ ਸਦਨ ਦੀ ਕਾਰਵਾਈ ਵਿਚੋਂ ਹਟਾ ਦਿੱਤਾ ਸੀ, ਸਾਂਝੀਆਂ ਕਰਨ ਖਿਲਾਫ਼ ਲੋਕ ਸਭਾ ਵਿਚ ਰੂਲਜ਼ ਆਫ਼ ਪ੍ਰੋਸੀਜ਼ਰ ਤੇ ਕੰਡਕਟ ਆਫ਼ ਬਿਜ਼ਨਸ ਦੇ ਨੇਮ 222 ਤਹਿਤ ਪ੍ਰਧਾਨ ਮੰਤਰੀ ਖਿਲਾਫ਼ ਮਰਿਆਦਾ ਮਤਾ ਲਿਆਉਣ ਲਈ ਨੋਟਿਸ ਦਿੱਤਾ ਹੈ।’’ ਚੰਨੀ ਨੇ ਕਿਹਾ ਕਿ ਠਾਕੁਰ ਨੇ 30 ਜੁਲਾਈ 2024 ਨੂੰ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਜਿਨ੍ਹਾਂ ਨੂੰ ਲੋਕ ਸਭਾ ਸਪੀਕਰ ਨੇ ਸਦਨ ਦੀ ਕਾਰਵਾਈ ਵਿਚੋਂ ਹਟਾ ਦਿੱਤਾ ਸੀ।