ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਸੱਤਾਧਾਰੀ ਪਾਰਟੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਬਿਹਤਰ ਹੋਵੇਗਾ ਜੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਰਮਿਆਨ ਚੱਲ ਰਹੀ ਖਿੱਚੋਤਾਣ ਅਤੇ ਅੰਦਰੂਨੀ ਕਲੇਸ਼ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਸੈਸ਼ਨ ’ਤੇ ਭਾਰੂ ਨਾ ਹੋਵੇ। ਉਨ੍ਹਾਂ ਕਿਹਾ ਕਿ ਕਬਜ਼ੇ ਦੇ ਨਾਮ ’ਤੇ ਉਜਾੜਨ ਦੀ ਥਾਂ ਸਰਕਾਰ ਗ਼ਰੀਬੀ, ਬੇਰੁਜ਼ਗਾਰੀ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਤੋਂ ਬੇਹਾਲ ਲੋਕਾਂ ਦੇ ਜੀਵਨ ਨੂੰ ਸੁਧਾਰਨ ’ਤੇ ਧਿਆਨ ਦੇਵੇ। ‘ਐਕਸ’ ’ਤੇ ਪੋਸਟ ਵਿੱਚ ਮਾਇਆਵਤੀ ਨੇ ਕਿਹਾ, ‘‘ਯੂਪੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਭਲਕ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ ਸਰਕਾਰ ਪੂਰਕ ਬਜਟ ਵੀ ਪੇਸ਼ ਕਰੇਗੀ। ਹਾਲਾਂਕਿ, ਇਹ ਸੈਸ਼ਨ ਵੀ ਸੰਖੇਪ ਰਹੇਗਾ, ਇਸ ਲਈ ਬਿਹਤਰ ਹੋਵੇਗਾ ਜੇ ਭਾਜਪਾ ਦਰਮਿਆਨ ਚੱਲ ਰਹੀ ਖਿੱਚੋਤਾਣ ਅਤੇ ਅੰਦਰੂਨੀ ਕਲੇਸ਼ ਹਾਊਸ ’ਤੇ ਭਾਰੂ ਨਾ ਪਵੇ ਅਤੇ ਲੋਕਾਂ ਤੇ ਸੂਬੇ ਦੇ ਹਿੱਤ ਵਿੱਚ ਕੰਮ ਕੀਤੇ ਜਾਣ।’’ ਉਨ੍ਹਾਂ ਇੱਕ ਹੋਰ ਪੋਸਟ ਵਿੱਚ ਕਿਹਾ ਕਿ ਯੂਪੀ ਵਿੱਚ ਹੜ੍ਹ ਪ੍ਰਭਾਵਿਤ ਲੱਖਾਂ ਪਰਿਵਾਰਾਂ ਨੂੰ ਸਰਕਾਰੀ ਮਦਦ ਦੀ ਫੌਰੀ ਲੋੜ ਹੈ ਅਤੇ ਇਸ ਪ੍ਰਤੀ ਸਰਕਾਰ ਦਾ ਉਦਾਸੀਨ ਵਾਲਾ ਰਵੱਈਆ ਠੀਕ ਨਹੀਂ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਉੱਤਰ ਪ੍ਰਦੇਸ਼ ਵਿੱਚ ਹੜ੍ਹ ਦੀ ਤਬਾਹੀ ਨਾਲ ਪ੍ਰਭਾਵਿਤ ਲੱਖਾਂ ਪਰਿਵਾਰਾਂ ਨੂੰ ਸਰਕਾਰੀ ਮਦਦ ਦੀ ਫੌਰੀ ਲੋੜ ਹੈ ਜਿਨ੍ਹਾਂ ਪ੍ਰਤੀ ਸਰਕਾਰ ਦਾ ਉਦਾਸੀਨ ਰਵੱਈਆ ਦੁਖਦਾਈ ਹੈ।’’ ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ ਪ੍ਰਦੀਪ ਕੁਮਾਰ ਦੂਬੇ ਵੱਲੋਂ ਜਾਰੀ ਬਿਆਨ ਮੁਤਾਬਕ ਯੂਪੀ ਵਿਧਾਨ ਸਭਾ ਦਾ ਮੌਨਸੂਨ ਇਜਲਾਸ 29 ਜੁਲਾਈ ਤੋਂ 2 ਅਗਸਤ ਤੱਕ ਚੱਲੇਗਾ।