ਫ਼ਿਰੋਜ਼ਪੁਰ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਆਪਣੀ ਫ਼ਿਰੋਜ਼ਪੁਰ ਫੇਰੀ ਦੌਰਾਨ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਔਰਤਾਂ ਕ੍ਰਾਂਤੀਕਾਰੀ ਭੂਮਿਕਾ ਨਿਭਾਉਣ। ਰਾਜਪਾਲ ਨੇ ਤਿੰਨ ਸਾਲ ਪਹਿਲਾਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪਿੰਡ ਪੱਧਰ ’ਤੇ ਡਿਫ਼ੈਂਸ ਕਮੇਟੀਆਂ ਬਣਾਉਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਬਾਰੇ ਕੇ ਪਿੰਡ ਵਿੱਚ ਕਮੇਟੀ ਆਗੂਆਂ ਤੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ-ਅੰਦਰ ਭਾਰਤ-ਪਾਕਿ ਸਰਹੱਦ ’ਤੇ ਐਂਟੀ ਡਰੋਨ ਤਕਨਾਲੋਜੀ ਲਗਾ ਦਿੱਤੀ ਜਾਵੇਗੀ, ਜਿਸ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਹੁੰਦੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਬੰਦ ਹੋ ਜਾਵੇਗੀ।
ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦਿਆਂ ਰਾਜਪਾਲ ਨੇ ਆਖਿਆ ਕਿ ਨਸ਼ਿਆਂ ਦੇ ਸੌਦਾਗਰਾਂ ਨਾਲ ਪੂਰੀ ਸਖ਼ਤੀ ਵਰਤੀ ਜਾਵੇ। ਉਨ੍ਹਾਂ ਕਿਹਾ ਪਾਕਿਸਤਾਨ ਨਸ਼ੇ ਅਤੇ ਹਥਿਆਰਾਂ ਦੇ ਸੌਦਾਗਰਾਂ ਦੀ ਪੁਸ਼ਤ ਪਨਾਹੀ ਕਰ ਕੇ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਚੰਗੀ ਭੂਮਿਕਾ ਨਿਭਾਉਣ ਵਾਲੀਆਂ ਸਰਹੱਦੀ ਪਿੰਡਾਂ ਦੀਆਂ ਕਮੇਟੀਆਂ ਤੇ ਪੰਚਾਇਤਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ ਤੇ ਕਿਸੇ ਪਿੰਡ ਦੇ ਨਸ਼ਾ ਮੁਕਤ ਹੋਣ ’ਤੇ ਇਨਾਮੀ ਰਾਸ਼ੀ ਜਾਰੀ ਕੀਤੀ ਜਾਵੇਗੀ। ਇਸ ਮੌਕੇ ਮੁੱਖ ਸਕੱਤਰ ਪੰਜਾਬ ਸਰਕਾਰ ਅਨੁਰਾਗ ਵਰਮਾ ਨੇ ਵੀ ਸੁਰੱਖਿਆ ਕਮੇਟੀਆਂ ਦੀ ਸ਼ਲਾਘਾ ਕੀਤੀ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਗੁਰਦੁਆਰਾ ਨਾਨਕਸਰ ਪਹੁੰਚਣ ’ਤੇ ਨਾਨਕਸਰ ਅਸਥਾਨ ਦੇ ਬਾਬਾ ਘਾਲਾ ਸਿੰਘ, ਬਾਬਾ ਲੱਖਾ ਸਿੰਘ ਨੇ ਨਾਨਕਸਰ ਸੰਪਰਦਾਇ ਵੱਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸਿਰੋਪਾਓ, ਪ੍ਰਸ਼ਾਦ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਆਖਿਆ ਕਿ ਉਹ ਗੁਰੂ ਘਰ ਨਤਮਸਤਕ ਹੋਣ ਲਈ ਆਏ ਹਨ, ਇਹ ਫੇਰੀ ਸਿਆਸੀ ਨਹੀਂ ਹੈ।