ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਵਿਖੇ ਸਪੱਸ਼ਟੀਕਰਨ ਦੇਣ ਤੋਂ ਇੱਕ ਦਿਨ ਬਾਅਦ ਅੱਜ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਤੂਬਰ 2015 ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਦਿੱਤਾ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਪੱਤਰ ਵਿੱਚ ਉਸ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਆਪਣੇ ਮਨ ਦੀ ਪੀੜਾ ਪ੍ਰਗਟਾਈ ਸੀ।ਦੱਸਣਯੋਗ ਹੈ ਕਿ ਸਤੰਬਰ 2015 ਵਿੱਚ ਬੇਅਦਬੀ ਦੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਉਸ ਵੇਲੇ ਦੀ ਅਕਾਲੀ ਸਰਕਾਰ ਵੱਲੋਂ ਦੋਸ਼ੀਆਂ ਨੂੰ ਕਾਬੂ ਨਾ ਕਰਨ ਸਬੰਧੀ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਉਂਗਲ ਉੱਠੀ ਸੀ। ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 17 ਅਕਤੂਬਰ 2015 ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਹ ਪੱਤਰ ਸੌਂਪਿਆ ਸੀ। ਉਨ੍ਹਾਂ ਲਿਖਿਆ, ‘‘ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਕਾਰਨ ਵਾਪਰ ਰਹੇ ਅਜਿਹੇ ਅਣਕਿਆਸੇ ਘਟਨਾਕ੍ਰਮ ਦਾ ਪੂਰਾ ਅਹਿਸਾਸ ਹੈ। ਮੈਂ ਸੌਂਪੇ ਫਰਜ਼ਾਂ ਦੀ ਪਾਲਣਾ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਕਰਨ ਦਾ ਯਤਨ ਕੀਤਾ ਹੈ ਪਰ ਸਿਦਕਦਿਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ, ਜੋ ਕਿਆਸ ਤੋਂ ਬਾਹਰ ਹੁੰਦਾ ਹੈ, ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜਾ ’ਚੋਂ ਲੰਘਣਾ ਪੈਂਦਾ ਹੈ ਅਤੇ ਤੁਸੀਂ ਆਤਮਿਕ ਤੌਰ ’ਤੇ ਝੰਜੋੜੇ ਜਾਂਦੇ ਹੋ। ਤੁਹਾਡੇ ਅੰਦਰ ਪਸ਼ਚਾਤਾਪ ਦੀ ਭਾਵਨਾ ਪ੍ਰਬਲ ਹੋ ਜਾਂਦੀ ਹੈ।’’ ਮਰਹੂਮ ਮੁੱਖ ਮੰਤਰੀ ਨੇ ਪੱਤਰ ’ਚ ਅੱਗੇ ਲਿਖਿਆ, ‘‘ਅਜਿਹੇ ਸਮੇਂ ਉਹ ਵੀ ਅੰਤਰਮਨ ਦੀ ਪੀੜਾ ’ਚੋਂ ਲੰਘ ਰਹੇ ਹਨ। ਅਜਿਹੀ ਭਾਵਨਾ ਨੂੰ ਲੈ ਕੇ ਉਹ ਗੁਰੂ ਦਰ ’ਤੇ ਨਤਮਸਤਕ ਹੋ ਰਹੇ ਹਨ ਅਤੇ ਅਰਦਾਸ ਕਰਦੇ ਹਨ ਕਿ ਗੁਰੂ ਸਾਹਿਬ ਬਲ ਬਖਸ਼ਣ ਅਤੇ ਮਿਹਰ ਕਰਨ।’’