ਮੁੰਬਈ-ਮਹਾਰਾਸ਼ਟਰ ਵਿਧਾਨ ਪਰਿਸ਼ਦ ਦੀਆਂ 11 ਸੀਟਾਂ ’ਤੇ ਅੱਜ ਚੋਣ ਹੋਈ ਜਿਸ ’ਚ ਭਾਜਪਾ, ਸ਼ਿਵ ਸੈਨਾ (ਸ਼ਿੰਦੇ ਧੜਾ) ਤੇ ਐੱਨਸੀਪੀ (ਅਜੀਤ ਪਵਾਰ ਧੜਾ) ’ਤੇ ਆਧਾਰਿਤ ਮਹਾਯੁਤੀ ਗੱਠਜੋੜ ਦੇ ਨੌਂ ਮੈਂਬਰਾਂ ਦੇ ਜਿੱਤ ਦਰਜ ਕੀਤੀ ਹੈ ਜਦਕਿ ਇੰਡੀਆ ਗੱਠਜੋੜ ਦੇ ਦੋ ਮੈਂਬਰ ਚੋਣ ਜਿੱਤੇ ਹਨ। ਕਾਂਗਰਸ ਦੇ ਕੁਝ ਮੈਂਬਰਾਂ ਵੱਲੋਂ ਕਰਾਸ ਵੋਟਿੰਗ ਕੀਤੇ ਜਾਣ ਦੀਆਂ ਵੀ ਖ਼ਬਰਾਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 11 ਸੀਟਾਂ ਵਿਚੋਂ ਭਾਜਪਾ ਨੂੰ 5 ਜਦਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਤੇ ਅਜੀਤ ਪਵਾਰ ਦੀ ਅਗਵਾਈ ਹੇਠਲੀ ਐੱਨਸੀਪੀ ਨੂੰ 2-2 ਸੀਟਾਂ ’ਤੇ ਜਿੱਤ ਮਿਲੀ ਹੈ। ਵਿਰੋਧੀ ਗੱਠਜੋੜ ਮਹਾਵਿਕਾਸ ਅਘਾੜੀ ਵੱਲੋਂ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਦੇ ਨੇੜਲੇ ਮਿਲਿੰਦ ਨਾਰਵੇਕਰ ਅਤੇ ਕਾਂਗਰਸ ਉਮੀਦਵਾਰ ਪ੍ਰਦਨਯ ਸਤਵ ਚੋਣ ਜਿੱਤੇ ਹਨ। ਇੱਥੇ ਵਿਧਾਨ ਭਵਨ ਕੰਪਲੈਕਸ ਵਿੱਚ ਸਵੇਰੇ 9 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਇਹ ਸ਼ਾਮ 4 ਵਜੇ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ ਸ਼ਾਮ ਨੂੰ 5 ਵਜੇ ਕੀਤੀ ਗਈ। ਵਿਧਾਨ ਪਰਿਸ਼ਦ ਦੇ 11 ਮੈਂਬਰਾਂ ਦਾ ਕਾਰਜਕਾਲ 27 ਜੁਲਾਈ ਨੂੰ ਖ਼ਤਮ ਹੋਣ ਜਾ ਰਿਹਾ ਹੈ। ਨਤੀਜਿਆਂ ਮਗਰੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਵਿਧਾਨ ਪਰਿਸ਼ਦ ਚੋਣਾਂ ’ਚ ਸੱਤਾਧਾਰੀ ਗੱਠਜੋੜ ‘ਮਹਾਯੁਤੀ’ ਦੇ ਸਾਰੇ 9 ਉਮੀਦਵਾਰਾਂ ਦੀ ਜਿੱਤ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਰਫ ਇੱਕ ‘ਟਰੇਲਰ’ ਹੈ। ਉਨ੍ਹਾਂ ਕਿਹਾ, ‘‘ਮਹਾਯੁਤੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਵਿਧਾਨ ਪਰਿਸ਼ਦ ਚੋਣਾਂ ’ਚ ਮਹਾਯੁਤੀ ਦੀ ਇਹ ਜਿੱਤ ਸਿਰਫ ਇੱਕ ‘ਟਰੇਲਰ’ ਹੈ।’’ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਸੱਤਾਧਾਰੀ ਗੱਠਜੋੜ ਦੇ ਉਮੀਦਵਾਰਾਂ ਦੀ ਹਾਰ ਦੇ ਦਾਅਵੇ ਕੀਤੇ ਗਏ ਸਨ ਪਰ ਨਤੀਜਿਆਂ ਨੇ ਦਿਖਾਇਆ ਹੈ ਕਿ ਮਹਾਯੁਤੀ ਨੇ ਨਾ ਸਿਰਫ ਆਪਣੇ ਹਲਕਿਆਂ ’ਚ ਬਲਕਿ ਮਹਾਵਿਕਾਸ ਅਘਾੜੀ ਦੇ ਵਿਧਾਇਕਾਂ ਦੇ ਹਲਕਿਆਂ ’ਚੋਂ ਵੀ ਵੋਟਾਂ ਹਾਸਲ ਕੀਤੀਆਂ ਹਨ।