ਨਵੀਂ ਦਿੱਲੀ- ਨੀਟ-ਯੂਜੀ ਪ੍ਰੀਖਿਆ ਵਿਚ ਕਥਿਤ ਬੇਨਿਯਮੀਆਂ ਦੇ ਮੁੱਦੇ ਨੂੰ ਲੈ ਕੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿਚ ਜਮ ਕੇ ਹੰਗਾਮਾ ਹੋਇਆ। ਵਿਰੋਧੀ ਧਿਰਾਂ ਨੀਟ ਮੁੱਦੇ ’ਤੇ ਚਰਚਾ ਦੀ ਆਪਣੀ ਮੰਗ ਨੂੰ ਲੈ ਕੇ ਬਜ਼ਿੱਦ ਰਹੀਆਂ, ਜਿਸ ਕਰਕੇ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਵਿਚ ਕਈ ਵਾਰ ਅੜਿੱਕਾ ਪਿਆ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਧਿਰਾਂ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਦੌਰਾਨ ਨੀਟ ਮੁੱਦੇ ’ਤੇ ਚਰਚਾ ਕਰ ਸਕਦੇ ਹਨ, ਪਰ ਵਿਰੋਧੀ ਧਿਰਾਂ ਆਪਣੀ ਮੰਗ ’ਤੇ ਅੜੀਆਂ ਰਹੀਆਂ।ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਨੀਟ ਮਸਲਾ ਪੂਰੇ ਦੇਸ਼ ਲਈ ਅਹਿਮ ਮੁੱਦਾ ਹੈ ਤੇ ਉਹ ਇਸ ਮਾਮਲੇ ’ਤੇ ਨਿੱਠ ਕੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਟ-ਯੂਜੀ ਮਾਮਲੇ ਉੱਤੇ ਚਰਚਾ ਨਹੀਂ ਚਾਹੁੰਦੇ ਜਦੋਂਕਿ ਉਨ੍ਹਾਂ ਨੂੰ ਖ਼ੁਦ ਮੂਹਰੇ ਕੇ ਹੋ ਵਿਦਿਆਰਥੀਆਂ ਨਾਲ ਜੁੜੇ ਮਸਲੇ ’ਤੇ ਚਰਚਾ ਦੀ ਅਗਵਾਈ ਕਰਨੀ ਚਾਹੀਦੀ ਹੈ।ਗਾਂਧੀ ਨੇ ਬਿਰਲਾ ਨੂੰ ਅਪੀਲ ਕੀਤੀ ਕਿ ਉਹ ਮੈਂਬਰਾਂ ਵੱਲੋਂ ਰੱਖੇ ਕੰਮ ਰੋਕੂ ਮਤੇ ਨੂੰ ਸਵੀਕਾਰ ਕਰਕੇ ਨੀਟ ਮੁੱਦੇ ’ਤੇ ਚਰਚਾ ਕਰਵਾਉਣ। ਬਿਰਲਾ ਨੇ ਹਾਲਾਂਕਿ ਇਸ ਤੋਂ ਇਨਕਾਰ ਕਰ ਦਿੱਤਾ। ਸਪੀਕਰ ਬਿਰਲਾ ਨੇ ਮਗਰੋਂ ਹੇਠਲੇ ਸਦਨ ਦੀ ਕਾਰਵਾਈ ਸੋਮਵਾਰ (1 ਜੁਲਾਈ) ਤੱਕ ਮੁਲਤਵੀ ਕਰ ਦਿੱਤੀ। ਉਧਰ ਰਾਜ ਸਭਾ ਵਿਚ ਵੀ ਨੀਟ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਖਾਸਾ ਰੌਲਾ-ਰੱਪਾ ਪਿਆ। ਸਦਨ ਦੀ ਕਾਰਵਾਈ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ। ਮਗਰੋਂ ਵਿਰੋਧੀ ਧਿਰ ਦੇ ਮੈਂਬਰ ਸਦਨ ’ਚੋਂ ਵਾਕਆਊਟ ਕਰ ਗਏ। ਇਸ ਮੌਕੇ ਬੀਜੂ ਜਨਤਾ ਦਲ ਦੇ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਕਾਂਗਰਸ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਵੱਲੋਂ ਸਦਨ ਵਿਚ ਬੋਲਣ ਮੌਕੇ ਉਨ੍ਹਾਂ ਦਾ ਮਾਈਕ ਬੰਦ ਕੀਤਾ ਗਿਆ।