ਵਾਸ਼ਿੰਗਟਨ ਡੀ ਸੀ (ਗ.ਦ.) – ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਸਿਰਫ ਡੋਲਲਡ ਟਰੰਪ ਹੀ ਰਹਿ ਗਏ ਹਨ। ਭਾਵੇਂ ਉਨ੍ਹਾਂ ਦਾ ਅੰਦਰੂਨੀ ਵਿਰੋਧ ਵੀ ਹੋ ਰਿਹਾ ਹੈ ਪਰ ਹਰ ਕੋਈ ਉਸ ਦੀਆਂ ਨੀਤੀਆਂ ਅੱਗੇ ਫਿੱਕਾ ਪੈ ਰਿਹਾ ਹੈ ਜਿਸ ਕਰਕੇ ਉਹ ਆਪਣੀ ਚਾਲ ਨਿਰੰਤਰ ਚੱਲੀ ਜਾ ਰਿਹਾ ਹੈ। ਟਰੰਪ ਨੂੰ ਕੁਝ ਸਖਸ਼ੀਅਤਾਂ ਇਸ ਕਦਰ ਵੀ ਮਿਲ ਰਹੀਆਂ ਹਨ ਕਿ ਉਹ ਆਪਣੀ ਕੁਝ ਥਾਂ ਬਣਾ ਲੈਣ ਅਤੇ ਕੁਝ ਵਿਰੋਧ ਦੀ ਪੀਪਨੀ ਵਜਾ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਹਾਂ ਹੋ ਜਾਵੇ। ਪਰ ਟਰੰਪ ਦੀਆਂ ਸਖਤ ਮਿਜ਼ਾਜ ਨੀਤੀਆਂ ਅਤੇ ਅਮਰੀਕਾ ਸੁਰੱਖਿਅਤ ਦੀ ਭਾਵਨਾ ਹਰੇਕ ਨੂੰ ਪਸੰਦ ਆ ਰਹੀ ਹੈ। ਉਸ ਦੇ ਰਾਹ ਵਿੱਚ ਕੋਈ ਵੀ ਉਮੀਦਵਾਰ ਪ੍ਰਾਇਮਰੀ ਵਿੱਚ ਟਿਕ ਨਹੀਂ ਸਕਿਆ। ਇਹ ਸਭ ਕੁਝ ਉਸ ਵਲੋਂ ਐਲਾਨੀ ੩੨ ਮੈਂਬਰੀ ਰਾਸ਼ਟਰੀ ਟੀਮ ਦੀ ਸਖਤ ਮਿਹਨਤ ਅਤੇ ਪਲੈਨਿੰਗ ਸਦਕਾ ਹੀ ਹੋ ਸਕਿਆ ਹੈ। ਜਿਸ ਵਿੱਚੋਂ ਦੋ ਏਸ਼ੀਅਨ ਵੀ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਨਾਲ ਮੁਲਾਕਾਤ ਕਰਨ ਉਪਰੰਤ ਪਤਾ ਚੱਲਿਆ ਹੈ ਕਿ ਟਰੰਪ ਇੱਕ ਬਹੁਤ ਹੀ ਸੂਝਵਾਨ ਸੁਲਝੇ ਅਤੇ ਮਿਠ ਬੋਲੜੇ ਸੁਭਾਅ ਦੇ ਮਾਲਕ ਹਨ। ਸਿਰਫ ਉਨ੍ਹਾਂ ਦੀਆਂ ਸਖਤ ਨੀਤੀਆਂ ਦੀ ਬਦੌਲਤ ਹੀ ਉਹ ਇਕੱਲੇ ਰਿਪਬਲਿਕਨ ਉਮੀਦਵਾਰ ਰਹਿ ਗਏ ਹਨ ਜਿਨ੍ਹਾਂ ਨੂੰ ਪਾਰਟੀ ਤਸਦੀਕ ਕਰਨ ਵਿੱਚ ਦੇਰੀ ਕਰ ਰਹੀ ਹੈ। ਜਿਹੜੇ ਦੋ ਏਸ਼ੀਅਨਾਂ ਨੂੰ ਟਰੰਪ ਨੂੰ ਚੁਣਿਆ ਹੈ ਉਨ੍ਹਾਂ ਵਿੱਚੋਂ ਇੱਕ ਭਾਰਤੀ ਹੈ ਜਿਸ ਦਾ ਨਾਮ ਜਸਦੀਪ ਸਿੰਘ ਜੱਸੀ ਹੈ ਜੋ ਇੰਦੌਰ ਦੇ ਰਹਿਣ ਵਾਲੇ ਸਨ ਅਤੇ ਪਿਛਲੇ ੪੫ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਕੇ ਕਾਰੋਬਾਰ ਕਰ ਰਹੇ ਹਨ। ਦੂਜੇ ਏਸ਼ੀਅਨ ਪਾਕਿਸਤਾਨ ਦੇ ਸ਼ਹਿਰ ਮੰਡੀ ਬਹੁਦੀਨ ਤੋਂ ਹਨ ਜਿਨ੍ਹਾਂ ਦਾ ਨਾਮ ਸਾਜਿਦ ਤਰਾਰ ਹੈ। ਉਹ ਜਸਦੀਪ ਸਿੰਘ ਜੱਸੀ ਨਾਲ ਬਿਜਨਸ ਭਾਈਵਾਲ ਹਨ। ਦੋਹਾਂ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਮੁੜ ਵਿਕਸਤ, ਸੁਰੱਖਿਅਤ ਅਤੇ ਕਾਰਜਸ਼ੀਲ ਕਰਨ ਲਈ ਟਰੰਪ ਵਰਗਾ ਸਖਤ ਉਮੀਦਵਾਰ ਹੀ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਹੋ ਸਕਦਾ ਹੈ।
ਜਸਦੀਪ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਹਲਾਤਾਂ ਨੂੰ ਬਿਹਤਰ ਬਣਾਉਣ ਲਈ ਟਰੰਪ ਦਾ ਰਾਸ਼ਟਰਪਤੀ ਬਣਨਾ ਜ਼ਰੂਰੀ ਹੋ ਗਿਆ ਹੈ। ਤਾਂ ਕਿ ਅਮਰੀਕਾ ਦੀਆਂ ਕਦਰਾਂ, ਕੀਮਤਾਂ ਅਤੇ ਸ਼ਾਨ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਸਾਜਿਦ ਤਰਾਰ ਦਾ ਕਹਿਣਾ ਹੈ ਕਿ ਇਸ ਮੁਲਕ ਵਿੱਚ ਅੱਤਿਆਚਾਰੀਆ, ਜ਼ੁਲਮ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ। ਉਨ੍ਹਾਂ ਦਾ ਇਸ ਮੁਲਕ ਤੋਂ ਜਾਣਾ ਸਮੇਂ ਦੀ ਲੋੜ ਹੈ ਜਿਸ ਨੂੰ ਅੰਜ਼ਾਮ ਕੇਵਲ ਟਰੰਪ ਹੀ ਦੇ ਸਕਦਾ ਹੈ। ਜਿਸ ਤੋਂ ਸਾਰੇ ਬੁਖਲਾਹਟ ਵਿੱਚ ਹਨ। ਉਨ੍ਹਾਂ ਕਿਹਾ ਕਿ ਤੁਹਾਡੇ ਆਪਣੇ ਘਰ ਵਿੱਚ ਕੋਈ ਗੈਰ ਘੁਸਪੈਠ ਕਰ ਜਾਵੇ ਤਾਂ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰੋਗੇ। ਅਜਿਹਾ ਹੀ ਟਰੰਪ ਸੋਚ ਰਿਹਾ ਹੈ ਅਤੇ ਅਮਲੀ ਰੂਪ ਦੇਣ ਲਈ ਦੁਹਾਈ ਦੇ ਰਿਹਾ ਹੈ।
ਦੂਜੇ ਪਾਸੇ ਉਨ੍ਹਾਂ ਗੈਰ ਬਸ਼ਿੰਦਿਆਂ ਨੂੰ ਕਿਹਾ ਕਿ ਉਹ ਕਾਨੂੰਨੀ ਤੌਰ ਤੇ ਆਪਣੇ ਪੇਪਰ ਦਾਖਲ ਕਰਕੇ ਆਪਣੇ ਆਪ ਨੂੰ ਅਮਰੀਕਾ ਦੇ ਪਾਬੰਦ ਬਣਾ ਲੈਣਾ ਚਾਹੀਦਾ ਹੈ। ਹਾਲ ਦੀ ਘੜੀ ਬੱਤੀ ਮੈਂਬਰੀ ਰਾਸ਼ਟਰੀ ਟੀਮ ਦੇ ਸ਼ਿੰਗਾਰ ਦੋ ਏਸ਼ੀਅਨ ਆਪਣੀ ਪੂਰੀ ਵਾਹ ਲਾਅ ਰਹੇ ਹਨ ਕਿ ਉਹ ਟਰੰਪ ਦੀ ਜਿੱਤ ਦਾ ਸ਼ਿੰਗਾਰ ਬਣਕੇ ਸਾਊਥ ਏਸ਼ੀਅਨਾਂ ਦੇ ਕੰਮ ਆ ਸਕਣ। ਸਮੁੱਚੇ ਤੌਰ ਤੇ ਮੁਸਲਿਮ ਅਤੇ ਸਿੱਖ ਭਾਈਚਾਰਾ ਜੋ ਪਹਿਲਾ ਨਫਰਤ ਨਾਲ ਇਨ੍ਹਾਂ ਦੋ ਸਖਸ਼ੀਅਤਾਂ ਨੂੰ ਵੇਖਦਾ ਸੀ ਹੁਣ ਸਹਿਜੇ ਹੀ ਉਨ੍ਹਾਂ ਦਾ ਨੇ ਮੁਰੀਦ ਬਣ ਟਰੰਪ ਦੀ ਹਮਾਇਤ ਤੇ ਉੱਤਰ ਆਇਆ ਹੈ। ਨਿੱਤ ਟਰੰਪ ਦੇ ਸੋਹਿਲੇ ਗਾਉਣੇ ਸ਼ੁਰੂ ਕਰ ਦਿੱਤੇ ਹਨ। ਸਮੁੱਚਾ ਏਸ਼ੀਅਨ ਭਾਈਚਾਰਾ ਵੀ ਇਨਾਂ੍ਹ ਦੋਹਾਂ ਨਿਯੁਕਤੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਹੈ।