ਮੈਰੀਲੈਂਡ – ਸਿਖਸ ਆਫ ਅਮਰੀਕਾ ਦੇ ਬੋਰਡ ਮੈਂਬਰਾਂ ਅਤੇ ਸਹਿਯੋਗੀਆਂ ਦੀ ਇੱਕ ਭਰਵੀਂ ਮੀਟਿੰਗ ਕੋਲੰਬੀਆ ਦੇ ਰੈਸਟੋਰੈਂਟ ਵਿੱਚ ਹੋਈ ਹੈ। ਇਸ ਮੀਟਿੰਗ ਵਿੱਚ ਅਮਰੀਕਾ ਦੀ ਅਜ਼ਾਦੀ ਦਿਵਸ ਤੇ ਵਸ਼ਿੰਗਟਨ ਡੀ. ਸੀ. ਵਿਖੇ ਨਿਕਲਣ ਵਾਲੀ ਪਰੇਡ ਵਿੱਚ ਸਿੱਖ ਆਪਣੀ ਪਹਿਚਾਣ ਨੂੰ ਉਭਾਰਨ ਲਈ ਸਹਿਯੋਗੀਆਂ ਦੇ ਸੁਝਾਅ ਅਤੇ ਰੂਪ ਰੇਖਾ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।
ਮੀਟਿੰਗ ਦੀ ਸ਼ੁਰੂਆਤ ਕਮਲਜੀਤ ਸਿੰਘ ਸੋਨੀ ਨੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਆਗਿਆ ਨਾਲ ਸ਼ੁਰੂ ਕੀਤੀ ਗਈ। ਜਿਸ ਵਿੱਚ ਦਰਸ਼ਨ ਸਿੰਘ ਸਲੂਜਾ ਨੇ ਕਿਹਾ ਕਿ ਫਲੋਟ ਪੱਕੇ ਤੌਰ ਤੇ ਬਣਾ ਲਿਆ ਜਾਵੇ ਅਤੇ ਉਸ ਉੱਤੇ ਭਾਰਤੀ ਸੰਸਕ੍ਰਿਤੀ ਦੇ ਨਾਲ ਨਾਲ ਪੰਜਾਬ ਨੂੰ ਵੀ ਦਰਸਾਇਆ ਜਾਵੇ। ਜਿਸ ਰਾਹੀਂ ਸਿੱਖੀ ਦੀ ਝਲਕ ਨਜ਼ਰ ਆਵੇ। ਇਸ ਤੇ ਸਮੂਹ ਨੇ ਆਪਣੀ ਮੋਹਰ ਲਗਾ ਦਿੱਤੀ। ਅਮਰੀਕਨ ਝੰਡੇ ਦੇ ਰੰਗ ਦੀਆਂ ਦਸਤਾਰਾਂ ਅਤੇ ਚੁੰਨੀਆਂ ਸਜ਼ਾ ਕੇ ਸ਼ਮੂਲੀਅਤ ਕਰਨ ਤੇ ਜ਼ੋਰ ਦਿੱਤਾ ਗਿਆ। ਪੰਜਾਬ ਦਾ ਲੋਕ ਨਾਚ ਭੰਗੜੇ ਦੀ ਜ਼ਿੰਮੇਵਾਰੀ ਨੌਜਵਾਨ ਆਗੂ ਗੁਰਪ੍ਰਤਾਪ ਸਿੰਘ ਵੱਲ੍ਹਾ ਨੇ ਲਈ ਅਤੇ ਗੱਤਕੇ ਦੀ ਜ਼ਿੰਮੇਵਾਰੀ ਚਤਰ ਸਿੰਘ ਦੀ ਅੰਕਿਤ ਕੀਤੀ ਗਈ। ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ ਨੇ ਨਿਵੇਕਲੇ ਗੁਬਾਰੇ ਦਾ ਜ਼ਿਕਰ ਕਰਦੇ ਹੋਏ ਪੰਜਾਬੀਆਂ ਦੀ ਸ਼ਾਨ ਦਾ ਪ੍ਰਤੀਕ ਵਜੋਂ ਉਭਾਰ ਦਰਸਾ ਕੇ ਸ਼ਾਮਲ ਕੀਤਾ ਜਾਵੇ, ਜਿਨ੍ਹਾਂ ਲਈ ਅਗਾਂਹੂ ਪ੍ਰਵਾਨਗੀ ਤੇ ਜ਼ੋਰ ਦਿੱਤਾ ਗਿਆ। ਮੀਤਾ ਸਲੂਜਾ ਅਤੇ ਬੀਬੀ ਹਰੀਰਾਜ ਨੇ ਕਿਹਾ ਕਿ ਪੰਜ ਬੱਸਾਂ ਰਾਹੀਂ ਸੰਗਤਾਂ ਨੂੰ ਲਿਆਂਦਾ ਜਾਵੇ ਅਤੇ ਅਮਰੀਕਨ ਦੁਪੱਟੇ ਅਤੇ ਝੰਡਿਆਂ ਰਾਹੀਂ ਸਜੀਆਂ ਮੁਟਿਆਰਾਂ ਇਸ ਪਰੇਡ ਦਾ ਸਿੱਖੀ ਰੰਗ ਜ਼ਰੂਰ ਸਜਾਉਣਗੀਆਂ, ਜਿਸ ਨਾਲ ਪਹਿਚਾਣ ਸਿੱਖਾਂ ਦੀ ਅਮਰੀਕਨਾਂ ਤੇ ਭਾਰੂ ਰਹੇਗੀ।
ਸਮੁੱਚੇ ਤੌਰ ਤੇ ਇਸ ਪਰੇਡ ਨੂੰ ਅਮਰੀਕਨਾ ਲਈ ਪ੍ਰੇਰਨਾ ਸਰੋਤ ਬਣਾਉਣ ਲਈ ਸਤਪਾਲ ਬਰਾੜ, ਵਲੋਂ ਪਾਣੀ ਦੀ ਸੇਵਾ ਅਤੇ ਫਲੋਟ ਸਬੰਧੀ ਸੁਝਾਵਾਂ ਨੂੰ ਅੰਕਿਤ ਕੀਤਾ। ਜਿੱਥੇ ਇਸ ਪਰੇਡ ਨੂੰ ਕਾਮਯਾਬ ਕਰਨ ਲਈ ਬਖਸ਼ੀਸ਼ ਸਿੰਘ, ਬਲਜਿੰਦਰ ਸਿੰਘ ਸ਼ੰਮੀ, ਗੁਰਚਰਨ ਸਿੰਘ ਲਹਿਲ, ਡਾ. ਦਰਸ਼ਨ ਸਿੰਘ ਸਲੂਜਾ, ਚਤਰ ਸਿੰਘ ਸੈਣੀ, ਗੁਰਪ੍ਰਤਾਪ ਸਿੰਘ ਡੱਲਾ, ਹਰੀਰਾਜ ਸਿੰਘ, ਡਾ. ਸੁਰਿੰਦਰ ਸਿੰਘ ਗਿੱਲ, ਕੰਵਲਜੀਤ ਸਿੰਘ ਸੋਨੀ ਅਤੇ ਜਸਦੀਪ ਸਿੰਘ ਅਤੇ ਸਾਜਿਦ ਤਰਾਰ ਵਲੋਂ ਭਰਪੂਰ ਦਾਨ ਦਿੱਤਾ ਗਿਆ ਤਾਂ ਜੋ ਇਹ ਪਰੇਡ ਅਮਰੀਕਨਾਂ ਲਈ ਪ੍ਰੇਰਨਾ ਦਾ ਸਰੋਤ ਸਾਬਤ ਹੋ ਸਕੇ।