ਹਾਥਰਸ (ਉੱਤਰ ਪ੍ਰਦੇਸ਼)- ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਹਾਥਰਸ ਵਿੱਚ ਭਗਦੜ ਘਟਨਾ ਦੇ ਪੀੜਤ ਪਰਿਵਾਰਾਂ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਪੀੜਤਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਮਾਮਲਾ ਸੰਸਦ ਵਿੱਚ ਵੀ ਉਠਾਉਣਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰੇ। ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਨੂੰ ਜਲਦੀ ਤੋਂ ਜਲਦੀ ਅਤੇ ਖੁੱਲ੍ਹੇ ਦਿਲ ਨਾਲ ਜ਼ਿਆਦਾ ਤੋਂ ਜ਼ਿਆਦਾ ਮੁਆਵਜ਼ਾ ਰਾਸ਼ੀ ਜਾਰੀ ਕਰਨ। ਉੱਧਰ, ਮੁੱਖ ਮੁਲਜ਼ਮ ਦੇਵਪ੍ਰਕਾਸ਼ ਮਧੁਕਰ ਨੇ ਦਿੱਲੀ ਵਿੱਚ ਪੁਲੀਸ ਕੋਲ ਆਤਮਸਮਰਪਣ ਕਰ ਦਿੱਤਾ। ਰਾਹੁਲ ਨੇ ਸਤਿਸੰਗ ਵਿੱਚ ਭਗਦੜ ਮਚਣ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਘਟਨਾ ਵਿੱਚ 121 ਵਿਅਕਤੀਆਂ ਦੀ ਮੌਤ ਹੋ ਗਈ ਸੀ। ਹਾਥਰਸ ਜਾਂਦੇ ਹੋਏ ਰਾਹੁਲ ਗਾਂਧੀ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਅਲੀਗੜ੍ਹ ਵਿੱਚ ਵੀ ਰੁਕੇ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਹਾਥਰਸ ’ਚ ਅੱਜ ਸਵੇਰੇ ਮੀਡੀਆ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਕਿਹਾ, ‘‘ਇਹ ਕਾਫੀ ਮੰਦਭਾਗੀ ਗੱਲ ਹੈ ਕਿ ਐਨੇ ਲੋਕ ਦੁਖੀ ਹੋਏ, ਐਨੇ ਲੋਕਾਂ ਦੀਆਂ ਜਾਨਾਂ ਗਈਆਂ।’’ ਉੱਧਰ, ਹਾਥਰਸ ਦੇ ਵਿਭਵ ਨਗਰ ਇਲਾਕੇ ਵਿੱਚ ਇਕ ਪਾਰਕ ਦੇ ਬਾਹਰ ਖੜ੍ਹੇ ਵਿਨੀਤ ਕੁਮਾਰ (26) ਨੇ ਕਿਹਾ, ‘‘ਹਰ ਕੋਈ ਸਿਆਸਤ ਕਰਨ ਵਿੱਚ ਲੱਗਾ ਹੋਇਆ ਹੈ। ਇਹ ਚੰਗੀ ਗੱਲ ਹੈ ਕਿਸੇ ਨੇ ਇੱਥੇ ਆਉਣ ਬਾਰੇ ਸੋਚਿਆ।’’ ਇਸੇ ਇਲਾਕੇ ਵਿੱਚ ਕਾਂਗਰਸੀ ਆਗੂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਕੁਮਾਰ ਇਸ ਵੇਲੇ ਕਰਮਚਾਰੀ ਚੋਣ ਕਮਿਸ਼ਨ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਇਕੱਲਾ ਉਹੀ ਨਹੀਂ ਹੈ ਜੋ ਅਜਿਹਾ ਸੋਚਦਾ ਹੈ ਬਲਕਿ ਹੋਰਾਂ ਨੌਜਵਾਨਾਂ ਦੀਆਂ ਵੀ ਇਹੀ ਭਾਵਨਾਵਾਂ ਸਨ। ਇਕ ਹੋਰ ਨੌਜਵਾਨ ਸ਼ੁਭਮ ਭਾਰਤੀ (27) ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਚੰਗੀ ਗੱਲ ਹੈ ਕਿ ਰਾਹੁਲ ਗਾਂਧੀ ਦਾ ਇਹ ਦੌਰਾ ਭਗਦੜ ਪੀੜਤਾਂ ਨੂੰ ਮਿਲਣ ਲਈ ਸੀ। ਘੱਟੋ-ਘੱਟ ਕੋਈ ਪ੍ਰਸਿੱਧ ਸਿਆਸਤਦਾਨ ਤਾਂ ਵਿਭਵ ਨਗਰ ਵਿੱਚ ਪਹੁੰਚਿਆ। ਇਸੇ ਤਰ੍ਹਾਂ ਮਹੇਂਦਰ (26) ਨੇ ਕਿਹਾ ਕਿ ਲੋਕ ਰਾਹੁਲ ਨੂੰ ਮਿਲਣ ਲਈ ਉਤਸ਼ਾਹਿਤ ਸਨ।