* ਸਿੱਖਸ ਆਫ ਯੂ. ਐੱਸ. ਏ. ਸੰਸਥਾ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ
* ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਕੀਤੀ ਇਸਲਾਮਿਕ ਮੁਲਕਾਂ ਵਿੱਚ ਭਾਰਤੀ ਲੋਕਾਂ ਖਾਸਕਰ ਸਿੱਖਾਂ ਦੀ ਹਿਫਾਜਤ ਲਈ ਅਪੀਲ, ਵਿਦੇਸ਼ੀ ਸਿੱਖ ਗਹਿਰੀ ਚਿੰਤਾ ਵਿੱਚ ਡੁੱਬੇ
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਅਫਗਾਨਿਸਤਾਨ ਦੇ ਕਾਬੁਲ ’ਚ ਗੁਰਦੁਆਰਾ ਕਾਰਤੇ ਪ੍ਰਵਾਨ ’ਤੇ ਅੱਤਵਾਦੀਆਂ ਦੇ ਹਮਲੇ ’ਚ ਇੱਕ ਗਾਰਡ ਅਤੇ ਸਿੱਖ ਵਿਅਕਤੀ ਦੀ ਮੌਤ ਹੋ ਗਈ ਹੈ। ਕਈ ਧਮਾਕਿਆਂ ਦੀ ਸੂਚਨਾ ਮਿਲੀ ਹੈ। ਹਮਲੇ ਪਿੱਛੇ ISI ਦੇ ਸਬੰਧ ਹੋਣ ਦਾ ਸ਼ੱਕ ਹੈ, ਵਿਦੇਸ਼ ਮੰਤਰਾਲੇ ਨੇ ਸਥਿਤੀ ‘ਤੇ ਨਜਰ ਰੱਖੀ ਹੋਈ ਹੈ।
ਸਿੱਖਸ ਆਫ ਯੂ. ਐੱਸ. ਏ. ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਫਗਾਨ ਵਿੱਚ ਵਸਦੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਸਖਤ ਕਦਮ ਚੁੱਕਣੇ ਹੋਣਗੇ। ਅਜਿਹਾ ਨਾ ਕਰਨ ਕਰਕੇ ਸਿੱਖਾਂ ਦਾ ਭਾਰਤੀ ਹਕੂਮਤ ਤੋਂ ਵਿਸ਼ਵਾਸ ਉੱਠ ਜਾਵੇਗਾ।
ਸਿੱਖਸ ਆਫ ਯੂ. ਐੱਸ. ਏ. ਦੇ ਪ੍ਰਵਿੰਦਰ ਸਿੰਘ ਹੈਪੀ ਚੇਅਰਮੈਨ, ਦਲਜੀਤ ਸਿੰਘ ਪ੍ਰਧਾਨ ਤੇ ਸਕੱਤਰ ਜਨਰਲ ਡਾ. ਗਿੱਲ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸਲਾਮਿਕ ਮੁਲਕਾਂ ਵਿੱਚ ਸਿੱਖਾਂ ਦੀ ਹਿਫਾਜਤ ਕਰਨ ਤੇ ਭਾਰਤੀ ਮੂਲ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗਰੰਟੀ ਦੇਣ।
ਅਫਗਾਨਿਸਤਾਨ ਦੇ ਕਾਬੁਲ ’ਚ ਗੁਰਦੁਆਰਾ ਕਾਰਤੇ ਪ੍ਰਵਾਨ ’ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਗੁਰਦੁਆਰਾ ਸਾਹਿਬ ’ਚ ਕਈ ਧਮਾਕੇ ਹੋਣ ਦੀ ਸੂਚਨਾ ਹੈ। ਹਮਲੇ ਪਿੱਛੇ ਆਈ. ਐੱਸ. ਆਈ. ਐੱਸ. ਖੁਰਾਸਾਨ ਦਾ ਹੱਥ ਹੋਣ ਦਾ ਸ਼ੱਕ ਹੈ। ਵਿਦੇਸ਼ ਮੰਤਰਾਲਾ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਸੂਤਰਾਂ ਅਨੁਸਾਰ ਗੁਰਦੁਆਰੇ ਦੀ ਸਾਰੀ ਇਮਾਰਤ ਨੂੰ ਅੱਗ ਲਗਾ ਦਿੱਤੀ ਗਈ।
ਹਮਲਾ ਕਾਬੁਲ ਦੇ ਸਮੇਂ ਅਨੁਸਾਰ ਸਵੇਰੇ 7:15 ਵਜੇ (ਭਾਰਤ ਦੇ ਸਮੇਂ ਅਨੁਸਾਰ 8.30 ਵਜੇ) ਸ਼ੁਰੂ ਹੋਇਆ। ਇਸ ਘਟਨਾ ਵਿੱਚ ਇੱਕ 60 ਸਾਲਾ ਵਿਅਕਤੀ, ਜਿਸ ਦੀ ਪਛਾਣ ਸਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਗੁਰਦੁਆਰੇ ਦੇ ਗਾਰਡ ਦੀ ਮੌਤ ਹੋ ਗਈ, ਜਦਕਿ ਤਿੰਨ ਤਾਲਿਬਾਨੀ ਸਿਪਾਹੀ ਜ਼ਖਮੀ ਹੋ ਗਏ। ਦੋ ਹਮਲਾਵਰਾਂ ਨੂੰ ਤਾਲਿਬਾਨ ਸੈਨਿਕਾਂ ਨੇ ਘੇਰ ਲਿਆ। ਘੱਟੋ-ਘੱਟ 7-8 ਲੋਕ ਦੇ ਅੰਦਰ ਹੋਣ ਦਾ ਖਦਸ਼ਾ ਹੈ। ਪਰ ਖਬਰ ਲਿਖਣ ਤੱਕ ਪਤਾ ਨਹੀਂ ਲਗਾ ਕਿ ਉਹ ਸੁਰੱਖਿਅਤ ਹਨ ਜਾਂ ਨਹੀਂ।
ਸਿੱਖ ਭਾਈਚਾਰੇ ਦੇ ਆਗੂ ਗੁਰਨਾਮ ਸਿੰਘ ਨੇ ਏ. ਐੱਫ. ਪੀ. ਨੇ ਦੱਸਿਆ, “ਮੈਂ ਗੁਰਦੁਆਰੇ ਤੋਂ ਗੋਲੀਆਂ ਚੱਲਣ ਅਤੇ ਧਮਾਕਿਆਂ ਦੀ ਆਵਾਜ ਸੁਣੀ।’’ ਰਿਪੋਰਟਾਂ ਮੁਤਾਬਕ 25-30 ਅਫਗਾਨ ਹਿੰਦੂ ਅਤੇ ਸਿੱਖ ਗੁਰਦੁਆਰਾ ਸਾਹਿਬ ‘ਚ ਸਵੇਰ ਦੀਪੂਜਾ ਲਈ ਮੌਜੂਦ ਸਨ ਅਤੇ ਜਿਵੇਂ ਹੀ ਹਮਲਾਵਰ ਕੰਪਲੈਕਸ ’ਚ ਦਾਖਲ ਹੋਏ ਤਾਂ 10-15 ਭੱਜਣ ‘ਚ ਕਾਮਯਾਬ ਹੋ ਗਏ। ਬਾਕੀ ਅੰਦਰ ਫਸੇ ਹੋਏ ਹਨ ਜਾਂ ਉਹਨਾਂ ਦੇ ਮਰਨ ਦਾ ਡਰ ਹੈ।
ਸਿੱਖਸ ਆਫ ਯੂ. ਐੱਸ. ਏ. ਦੇ ਸਕੱਤਰ ਡਾ. ਗਿੱਲ ਨੇ ਕਿਹਾ, “ਗੁਰਦੁਆਰਾ ਕਾਰਤੇ ਪ੍ਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਅਫਗਾਨਿਸਤਾਨ ਵਿੱਚ ਸਿੱਖਾਂ ਲਈ ਵਿਸ਼ਵ ਪੱਧਰ ’ਤੇ ਸਮਰਥਨ ਦੀ ਅਪੀਲ ਕੀਤੀ ਸੀ।’’
ਇਸ ਦੌਰਾਨ, ਵਿਦੇਸ ਮੰਤਰਾਲੇ (51) ਨੇ ਘਟਨਾ ‘ਤੇ ਇੱਕ ਬਿਆਨ ਵਿੱਚ ਕਿਹਾ, ਅਸੀਂ ਉਸ ਸ਼ਹਿਰ ਦੇ ਇੱਕ ਪਵਿੱਤਰ ਗੁਰਦੁਆਰੇ ‘ਤੇ ਹਮਲੇ ਬਾਰੇ ਕਾਬੁਲ ਤੋਂ ਆਈਆਂ ਰਿਪੋਰਟਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਉਡੀਕ ਕਰ ਰਹੇ ਹਾਂ।
ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਵੀ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਸਥਿਤੀ ‘ਤੇ ਨੇੜਿਓਂ ਨਜਰ ਰੱਖ ਰਹੀ ਹੈ।
ਇਸ ਦੌਰਾਨ ਗੁਰਦੁਆਰਾ ਸਾਹਿਬ ਤੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਰੱਖਿਅਤ ਕੱਢ ਲਿਆ ਗਿਆ ਹੈ। ਇਸ ਨੂੰ ਬਚਾਉਣ ਲਈ ਅਫਗਾਨ ਸਿੱਖ ਇਮਾਰਤ ’ਚ ਦਾਖਲ ਹੋਏ, ਜਿਸ ਨੂੰ ਅੱਗ ਲੱਗੀ ਸੀ।
ਇਸ ਘਟਨਾ ਦੀ ਨਿਖੇਧੀ ਕਰਨ ਵਾਲਿਆਂ ਵਿੱਚ ਗੁਰਚਰਨ ਸਿੰਘ ਵਰਲਡ ਬੈਂਕ ਅਫਸਰ, ਕੇ. ਕੇ. ਸਿੱਧੂ ਫਾਊਂਡਰ ਪੰਜਾਬੀ ਕਲੱਬ, ਜਿੰਦਰਪਾਲ ਸਿੰਘ ਬਰਾੜ ਪ੍ਰਧਾਨ ਪੰਜਾਬੀ ਕਲੱਬ, ਗੁਰਪ੍ਰੀਤ ਸਿੰਘ ਸੰਨੀ ਤੇ ਗੁਰਦੇਬ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਮੈਰੀਲੈਂਡ, ਗੁਰਦਿਆਲ ਸਿੰਘ ਭੁੱਲਾ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਮੈਰੀਲੈਂਡ, ਹਰਜੀਤ ਸਿੰਘ ਹੁੰਦਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ ਅਮਰੀਕਾ, ਹਰਦੀਪ ਸਿੰਘ ਗੋਲਡੀ ਪ੍ਰਧਾਨ ਅਕਾਲੀ ਦਲ ਨਿਊਜਰਸੀ, ਮਹਿਤਾਬ ਸਿੰਘ ਕਾਹਲੋਂ ਕਨਵੀਨਰ ਸਿੱਖਸ ਆਫ ਯੂ. ਐੱਸ. ਏ. ਵਰਜੀਨੀਆ ਚੈਪਟਰ, ਜਪਨੀਤ ਸਿੰਘ ਕਨਵੀਨਰ ਸਿੱਖਸ ਆਫ ਯੂ. ਐੱਸ. ਏ. ਨਿਊਯਾਰਕ ਚੈਪਟਰ, ਮਹੇਸ਼ਇੰਦਰ ਸਿੰਘ ਕਨਵੀਨਰ ਸਿੱਖਸ ਆਫ ਯੂ. ਐੱਸ. ਏ. ਕੈਲੀਫੋਰਨੀਆਂ ਚੈਪਟਰ, ਜਸਵਿੰਦਰ ਸਿੰਘ ਸਿੱਧੂ ਕਨਵੀਨਰ ਇੰਡੀਆਨਾ ਚੈਪਟਰ ਸਿੱਖਸ ਆਫ ਯੂ. ਐੱਸ. ਏ. ਅਤੇ ਰਿੰਕੂ ਸਿੰਘ ਕਨਵੀਨਰ ਕਨੈਕਟੀਕਟ ਸਿੱਖਸ ਆਫ ਯੂ. ਐੱਸ. ਏ. ਅਤੇ ਪਿ੍ਰਤਪਾਲ ਸਿੰਘ ਨਾਗੀ ਕਨਵੀਨਰ ਸਿੱਖਸ ਆਫ ਯੂ. ਐੱਸ. ਏ. ਨਿਊਜਰਸੀ, ਅਮਰ ਸਿੰਘ ਮੱਲ੍ਹੀ ਚੇਅਰਮੈਨ ਵਰਲਡ ਯੁਨਾਈਟਿਡ ਸੰਸਥਾ, ਅਮਰਜੀਤ ਸਿੰਘ ਸੰਧੂ ਸਿੱਖ ਨੇਤਾ, ਹਰਪ੍ਰੀਤ ਸਿੰਘ ਗਿੱਲ, ਸੁਰਿੰਦਰ ਸਿੰਘ ਨੱਤ, ਸੁਖਵਿੰਦਰ ਸਿੰਘ ਬਿੱਟੂ, ਪ੍ਰਮਿੰਦਰ ਸਿੰਘ ਸੰਧੂ, ਸੁਰਿੰਦਰ ਸਿੰਘ ਰਹੇਜਾ ਸ਼ਾਮਲ ਹੋਏ।