ਨਵੀਂ ਦਿੱਲੀ- ਭਾਜਪਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਜੰਮੂ ਅਤੇ ਕਸ਼ਮੀਰ ਦੋਵਾਂ ਖੇਤਰਾਂ ਦੇ ਉਮੀਦਵਾਰ ਸ਼ਾਮਲ ਹਨ। ਜਾਣਕਾਰੀ ਅਨੁਸਾਰ ਸੂਚੀ ਵਿਚ ਸ਼ਾਮਲ ਇੱਕੋ-ਇੱਕ ਮਹਿਲਾ ਉਮੀਦਵਾਰ ਸ਼ਗੁਨ ਪਰਿਹਾਰ ਕਿਸ਼ਤਵਾੜ ਤੋਂ ਚੋਣ ਲੜੇਗੀ। ਇਸ ਤੋਂ ਪਹਿਲਾਂ ਪਾਰਟੀ ਨੇ 44 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਪਰ ਬਾਅਦ ਵਿੱਚ ਭਾਜਪਾ ਦੇ ਜੰਮੂ ਹੈੱਡਕੁਆਰਟਰ ਵਿੱਚ ਪਾਰਟੀ ਵਰਕਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਮਗਰੋਂ ਭਾਜਪਾ ਨੇ 16 ਉਮੀਦਵਾਰਾਂ ਦੀ ਸੋਧੀ ਹੋਈ ਸੂਚੀ ਜਾਰੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪਾਰਟੀ ’ਤੇ ‘ਪੈਰਾਸ਼ੂਟ ਉਮੀਦਵਾਰਾਂ’ ਦਾ ਪੱਖ ਪੂਰਨ ਦਾ ਦੋਸ਼ ਲਾਇਆ ਸੀ। ਸੋਧੀ ਹੋਈ ਸੂਚੀ ਅਨੁਸਾਰ ਪਾਰਟੀ ਨੇ ਪੰਪੋਰ ਤੋਂ ਸਈਅਦ ਸ਼ੌਕਤ ਗਯੂਰ ਅੰਦਰਾਬੀ, ਰਾਜਪੋਰਾ ਤੋਂ ਅਰਸ਼ੀਦ ਭੱਟ, ਸ਼ੋਪੀਆਂ ਤੋਂ ਜਾਵੇਦ ਅਹਿਮਦ ਕਾਦਰੀ, ਅਨੰਤਨਾਗ ਪੱਛਮੀ ਤੋਂ ਮੁਹੰਮਦ ਰਫੀਕ ਵਾਨੀ, ਅਨੰਤਨਾਗ ਤੋਂ ਸਈਦ ਵਜ਼ਾਹਤ ਜਦਕਿ ਵੀਰ ਸਰਾਫ ਨੂੰ ਸ਼ੰਗੁਸ-ਅਨੰਤਨਾਗ ਪੂਰਬੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸੇ ਤਰ੍ਹਾਂ ਸ੍ਰੀਗੁਫਵਾੜਾ-ਬਿਜਬੇਹਾੜ ਾਤੋਂ ਸੋਫੀ ਯੂਸਫ, ਇੰਦਰਵਾਲ ਤੋਂ ਤਾਰਿਕ ਕੀਨ ਅਤੇ ਬਨਿਹਾਲ ਤੋਂ ਸਲੀਮ ਭੱਟ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਭਾਜਪਾ ਨੇ ਸੁਨੀਲ ਸ਼ਰਮਾ, ਦਲੀਪ ਸਿੰਘ ਪਰਿਹਾਰ, ਗਜੈ ਸਿੰਘ ਰਾਣਾ, ਸ਼ਕਤੀ ਰਾਜ ਅਤੇ ਰਾਕੇਸ਼ ਠਾਕੁਰ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਹੈ। ਚੌਧਰੀ ਰੌਸ਼ਨ ਹੁਸੈਨ ਗੁੱਜਰ ਕੋਕਰਨਾਗ ਤੋਂ ਚੋਣ ਲੜਨਗੇ ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਕਿ ਪਾਰਟੀ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਵੀ ਜਲਦੀ ਹੀ ਜਾਰੀ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਆਪਣੇ ਦਮ ’ਤੇ ਚੋਣਾਂ ਲੜਨਗੇ। ਇਸ ਸਬੰਧੀ ਉਹ ਆਜ਼ਾਦ ਉਮੀਦਵਾਰਾਂ ਨਾਲ ਵੀ ਗੱਲਬਾਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਤਿੰਨ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ 24 ਸੀਟਾਂ ’ਤੇ ਵੋਟਾਂ ਪੈਣਗੀਆਂ।