08 May 2025

ਭਾਰਤ ਬਣਿਆ ਚੈਂਪੀਅਨਜ਼ ਟਰਾਫੀ ਦਾ ‘ਚੈਂਪੀਅਨ’

ਦੁਬਈ- ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਰੋਹਿਤ ਸ਼ਰਮਾ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਰਿਕਾਰਡ ਤੀਜੀ ਵਾਰ ਚੈਂਪੀਅਨਜ਼ ਟਰਾਫੀ ਆਪਣੇ ਨਾਂ ਕੀਤੀ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਟੀ-20 ਵਿਸ਼ਵ ਕੱਪ-2024 ਜਿੱਤਣ ਤੋਂ ਬਾਅਦ ਭਾਰਤ ਨੇ ਦੂਜਾ ਆਈਸੀਸੀ ਖਿਤਾਬ ਜਿੱਤਿਆ ਹੈ। ਭਾਰਤ ਨੇ ਟੂਰਨਾਮੈਂਟ ’ਚ ਇੱਕ ਵੀ ਮੈਚ ਗੁਆਏ ਬਿਨਾਂ 2002 ਤੇ 2013 ਤੋਂ ਬਾਅਦ ਤੀਜੀ ਵਾਰ ਖਿਤਾਬ ਹਾਸਲ ਕੀਤਾ ਹੈ। ਹੋਰ ਕੋਈ ਵੀ ਟੀਮ ਤਿੰਨ ਵਾਰ ਇਹ ਟਰਾਫੀ ਨਹੀਂ ਜਿੱਤ ਸਕੀ। ਰੋਹਿਤ ਸ਼ਰਮਾ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।
ਸਪਿੰਨਰ ਕੁਲਦੀਪ ਯਾਦਵ ਤੇ ਵਰੁਣ ਚਕਰਵਰਤੀ ਨੇ ਹਾਲਾਤ ਦਾ ਫਾਇਦਾ ਉਠਾਉਂਦਿਆਂ ਬਿਹਤਰੀਨ ਗੇਂਦਬਾਜ਼ੀ ਕੀਤੀ ਪਰ ਡੈਰਿਲ ਮਿਸ਼ੇਲ ਤੇ ਮਾਈਕਲ ਬ੍ਰੇਸਵੈੱਲ ਨੇ ਸੰਜਮ ਨਾਲ ਨੀਮ ਸੈਂਕੜੇ ਜੜਦਿਆਂ ਨਿਊਜ਼ੀਲੈਂਡ ਦੀ ਟੀਮ ਨੇ ਸੱਤ ਵਿਕਟਾਂ ’ਤੇ 251 ਦੌੜਾਂ ਦਾ ਮਜ਼ਬੂਤ ਸਕੋਰ ਦਿੱਤਾ। ਰੋਹਿਤ ਸ਼ਰਮਾ ਨੇ 83 ਗੇਂਦਾਂ ’ਚ 76 ਦੌੜਾਂ ਬਣਾ ਕੇ ਜਿੱਤ ਦੀ ਨੀਂਹ ਰੱਖੀ ਤੇ ਭਾਰਤ ਨੇ ਇੱਕ ਓਵਰ ਬਾਕੀ ਰਹਿੰਦਿਆਂ ਛੇ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕੇਐੱਲ ਰਾਹੁਲ ਨੇ ਫਿਨਿਸ਼ਰ ਦੀ ਭੂਮਿਕਾ ਨਿਭਾਉਂਦਿਆਂ ਨਾਬਾਦ 34 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਈਆਂ ਤੇ ਪਹਿਲੀ ਵਿਕਟ ਲਈ ਰੋਹਿਤ ਨਾਲ ਮਿਲ ਕੇ 105 ਦੌੜਾਂ ਜੋੜੀਆਂ। ਵਿਰਾਟ ਕੋਹਲੀ ਸਿਰਫ਼ ਇੱਕ ਦੌੜ ਹੀ ਬਣਾ ਸਕਿਆ। ਸ਼੍ਰੇਅਸ ਅਈਅਰ ਨੇ 48 ਤੇ ਅਕਸ਼ਰ ਪਟੇਲ ਨੇ 29 ਦੌੜਾਂ ਦਾ ਯੋਗਦਾਨ ਪਾਇਆ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਇਸ ਦੇ ਬੱਲੇਬਾਜ਼ ਟਿਕ ਕੇ ਖੇਡ ਨਹੀਂ ਸਕੇ, ਜਿਸ ਮਗਰੋਂ ਡੈਰਿਲ ਮਿਸ਼ੇਲ ਤੇ ਮਾਈਕਲ ਬ੍ਰੇਸਵੈੱਲ ਨੇ ਪਾਰੀ ਸੰਭਾਲੀ ਤੇ ਟੀਮ ਦਾ ਸਕੋਰ ਸੱਤ ਵਿਕਟਾਂ ’ਤੇ 251 ਦੌੜਾਂ ਤੱਕ ਪਹੁੰਚਾਇਆ। ਮਿਸ਼ੇਲ ਨੇ 101 ਗੇਂਦਾਂ ਵਿੱਚ 63 ਦੌੜਾਂ, ਜਦਕਿ ਕਿ ਬ੍ਰੇਸਵੈੱਲ ਨੇ 40 ਗੇਂਦਾਂ ਵਿੱਚ 53 ਦੌੜਾਂ ਜੋੜੀਆਂ। ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਰਹੀ। ਟੀਮ ਨੇ ਦਸ ਓਵਰਾਂ ਵਿੱਚ ਇੱਕ ਵਿਕਟ ’ਤੇ 69 ਦੌੜਾਂ ਬਣਾਈਆਂ। ਛੇਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ ਵਰੁਣ ਚੱਕਰਵਰਤੀ ਨੇ ਵਿਲ ਯੰਗ ਨੂੰ ਪੈਵੇਲੀਅਨ ਵਾਪਸ ਭੇਜਿਆ। ਮਗਰੋਂ ਕਪਤਾਨ ਰੋਹਿਤ ਸ਼ਰਮਾ ਨੇ 11ਵੇਂ ਓਵਰ ਵਿੱਚ ਗੇਂਦ ਸਪਿੰਨਰ ਕੁਲਦੀਪ ਯਾਦਵ ਨੂੰ ਸੌਂਪ ਦਿੱਤੀ, ਜਿਸ ਨੇ ਇੱਕ ਵਾਰ ਤਾਂ ਮੈਚ ਦਾ ਰੁਖ਼ ਹੀ ਬਦਲ ਦਿੱਤਾ। ਉਸ ਨੇ ਆਪਣੀ ਪਹਿਲੀ ਹੀ ਗੇਂਦ ’ਤੇ ਰਚਿਨ ਰਵਿੰਦਰਾ ਨੂੰ ਆਊਟ ਕਰ ਦਿੱਤਾ। ਆਪਣੇ ਅਗਲੇ ਓਵਰ ਵਿੱਚ ਉਸ ਨੇ ਕੇਨ ਵਿਲੀਅਮਸਨ ਦਾ ਰਿਟਰਨ ਕੈਚ ਲੈ ਕੇ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਦਿੱਤਾ। ਨਿਊਜ਼ੀਲੈਂਡ ਨੇ 12.2 ਓਵਰਾਂ ਵਿੱਚ 75 ਦੌੜਾਂ ’ਤੇ 3 ਵਿਕਟਾਂ ਗੁਆ ਲਈਆਂ। ਨਿਊਜ਼ੀਲੈਂਡ ਦੀ ਟੀਮ ਭਾਰਤ ਦੇ ਸਪਿੰਨ ਹਮਲੇ ਦਾ ਸਾਹਮਣਾ ਨਹੀਂ ਕਰ ਸਕੀ ਅਤੇ ਅਗਲੀਆਂ 81 ਗੇਂਦਾਂ ਵਿੱਚ ਕੋਈ ਚੌਕਾ ਨਹੀਂ ਮਾਰ ਸਕੀ। ਇਸ ਮਗਰੋਂ ਗਲੈੱਨ ਫਿਲਿਪਸ ਨੇ ਕੁਲਦੀਪ ਦੀ ਗੇਂਦ ’ਤੇ ਛੱਕਾ ਮਾਰ ਕੇ ਟੀਮ ਨੂੰ ਦਬਾਅ ’ਚੋਂ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ।

More in ਖੇਡਾਂ

ਮੈਰੀਲੈਂਡ (ਗਗਨ ਦਮਾਮਾ) – ਮਿੰਟ ਗੁੰਮਰੀ ਕਾਉਂਟੀ ਦੇ ਅਗਜ਼ੈਕਟਿਵ ਆਈ ਲਗਿਟ ਨੇ...
ਵਰਜੀਨੀਆ (ਗਿੱਲ/ਫਲੋਰਾ) - ਪਿਛਲੇ ਦਿਨੀਂ ਅਮਰੀਕਾ ਦੇ ਮੈਟਰੋਪੁਲਿਟਨ ਏਰੀਏ ਵਿੱਚ...
ਵਾਸਿੰਗਟਨ ਡੀ. ਸੀ. (ਗ.ਦ.) - ਬਾਬਾ ਬੁੱਲ੍ਹੇ ਸ਼ਾਹ ਯੂਥ ਕਲੱਬ ਬੜਬਰ ਜਿਲ੍ਹਾ ਸੰਗਰੂਰ...
* ਮਹਿਕ ਕੌਰ ਦੀਆਂ ਪ੍ਰਾਪਤੀਆਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਆ ਮੈਰੀਲੈਂਡ...
ਵਰਜੀਨੀਆ  (ਗ.ਦ.) ਸਿੱਖ ਕਿਡ ਅਤੇ ਡੀ ਐੱਮ ਵੀ ਦੇ ਸਾਂਝੇ ਉੱਦਮ ਨਾਲ ਦੋ ਖੇਡਾਂ ਨੂੰ...
ਨਿਊਯਾਰਕ - ਖੇਡਾਂ ਦੀਆਂ ਦੁਨੀਆਂ ਵਿੱਚ ਸਾਊਥ ਏਸ਼ੀਅਨ ਆਮ ਤੌਰ ਹਾਕੀ, ਕਬੱਡੀ, ਕ੍ਰਿਕਟ, ਅਥਲੈਟਿਕਸ...
Home  |  About Us  |  Contact Us  |  
Follow Us:         web counter