ਚੈਟੋਰੌਕਸ- ਨਿਸ਼ਾਨੇਬਾਜ਼ ਅਵਨੀ ਲੇਖਰਾ ਪੈਰਾਲੰਪਿਕ ਖੇਡਾਂ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਸ ਨੇ ਟੋਕੀਓ ਤੋਂ ਬਾਅਦ ਪੈਰਿਸ ਪੈਰਾਲੰਪਿਕ ਵਿੱਚ ਵੀ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ (ਐੱਸਐੱਚ1) ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਭਾਰਤ ਦੀ ਹੀ ਮੋਨਾ ਅਗਰਵਾਲ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ 22 ਸਾਲਾ ਅਵਨੀ ਨੇ 249.7 ਦਾ ਸਕੋਰ ਬਣਾ ਕੇ ਆਪਣੇ ਹੀ 249.6 ਦੇ ਪੁਰਾਣੇ ਰਿਕਾਰਡ ਨੂੰ ਤੋੜਿਆ। ਇਸੇ ਦੌਰਾਨ ਸ਼ਾਟਪੁੱਟ, ਪਾਵਰਲਿਫਟਿੰਗ ਅਤੇ ਵ੍ਹੀਲਚੇਅਰ ਵਾਲੀਬਾਲ ਮਗਰੋਂ ਦੋ ਸਾਲ ਪਹਿਲਾਂ ਨਿਸ਼ਾਨੇਬਾਜ਼ੀ ਵਿੱਚ ਪ੍ਰਦਰਸ਼ਨ ਕਰਨ ਵਾਲੀ ਮੋਨਾ ਨੇ 228.7 ਦੇ ਸਕੋਰ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਭਾਰਤ ਦੇ ਪੈਰਾਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਦੋ ਨਿਸ਼ਾਨੇਬਾਜ਼ਾਂ ਨੇ ਇੱਕ ਹੀ ਮੁਕਾਬਲੇ ਵਿੱਚ ਤਗ਼ਮੇ ਜਿੱਤੇ ਹਨ। ਜੈਪੁਰ ਦੀ ਰਹਿਣ ਵਾਲੀ ਅਵਨੀ ਪੈਰਾਲੰਪਿਕ ਤੋਂ ਪਹਿਲਾਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ। ਉਸ ਦੇ ਪਿੱਤੇ ਦੇ ਅਪਰੇਸ਼ਨ ਕਾਰਨ ਡੇਢ ਮਹੀਨੇ ਦੀ ਛੁੱਟੀ ਲੈਣੀ ਪਈ ਸੀ। ਅਪਰੇਸ਼ਨ ਕਾਰਨ ਉਸ ਦਾ ਵਜ਼ਨ ਵੀ ਘੱਟ ਗਿਆ ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਅਵਨੀ ਨੇ ਪੈਰਿਸ ਵਿੱਚ ਭਾਰਤ ਦਾ ਝੰਡਾ ਲਹਿਰਾਇਆ।
ਉਸ ਨੇ ਕਿਹਾ, ‘‘ਮੈਂ ਦੇਸ਼ ਲਈ ਤਗ਼ਮਾ ਜਿੱਤ ਕੇ ਖੁਸ਼ ਹਾਂ। ਆਪਣੀ ਟੀਮ, ਆਪਣੇ ਕੋਚ ਅਤੇ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।’’ ਗਿਆਰਾਂ ਸਾਲ ਦੀ ਉਮਰ ਵਿੱਚ ਕਾਰ ਹਾਦਸੇ ਵਿੱਚ ਸਰੀਰ ਦੇ ਹੇਠਲੇ ਹਿੱਸੇ ’ਚ ਅਧਰੰਗ ਹੋਣ ਕਾਰਨ ਅਵਨੀ ਵ੍ਹੀਲਚੇਅਰ ’ਤੇ ਨਿਰਭਰ ਹੈ। ਉਹ ਟੋਕੀਓ ਪੈਰਾਲੰਪਿਕ 2021 ਵਿੱਚ ਨਿਸ਼ਾਨੇਬਾਜ਼ੀ ’ਚ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣੀ ਸੀ। ਐਸਐੱਚ 1 ਸ਼੍ਰੇਣੀ ਸ਼ੂਟਿੰਗ ਵਿੱਚ ਉਹ ਅਥਲੀਟ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀਆਂ ਬਾਹਾਂ, ਹੇਠਲਾ ਹਿੱਸਾ, ਲੱਤਾਂ ਜਾਂ ਕੋਈ ਅੰਗ ਨਹੀਂ ਹੁੰਦਾ। ਕੁਆਲੀਫਿਕੇਸ਼ਨ ਵਿੱਚ ਸਾਬਕਾ ਚੈਂਪੀਅਨ ਅਵਨੀ ਨੇ 625.8 ਦਾ ਸਕੋਰ ਬਣਾਇਆ ਅਤੇ ਉਹ ਇਰੀਨਾ ਮਗਰੋਂ ਦੂਜੇ ਸਥਾਨ ’ਤੇ ਰਹੀ। ਦੋ ਵਾਰ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਮੋਨਾ ਨੇ ਕੁਆਲੀਫਿਕੇਸ਼ਨ ਵਿੱਚ 623.1 ਦਾ ਸਕੋਰ ਬਣਾ ਕੇ ਪੰਜਵਾਂ ਸਥਾਨ ਹਾਸਲ ਕੀਤਾ ਸੀ। ਹੁਣ ਅਵਨੀ 50 ਮੀਟਰ ਰਾਈਫਲ ਥ੍ਰੀ-ਪੌਜੀਸ਼ਨ ਵਿੱਚ ਉੱਤਰੇਗੀ, ਜਿਸ ਵਿੱਚ ਉਹ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਹੈ। ਪਿਛਲੀ ਵਾਰ ਟੋਕੀਓ ਵਿੱਚ ਇਸ ਮੁਕਾਬਲੇ ’ਚ ਉਸ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ।