21 Dec 2024

ਵਿਨੇਸ਼ ਫੋਗਾਟ ਫਾਈਨਲ ’ਚੋਂ ਅਯੋਗ ਕਰਾਰ

ਪੈਰਿਸ- ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੋਂ ਸੋਨ ਤਗ਼ਮੇ ਦੀ ਆਸ ਲਾਈ ਬੈਠੇ 140 ਕਰੋੜ ਭਾਰਤੀਆਂ ਦੀਆਂ ਉਮੀਦਾਂ 100 ਗ੍ਰਾਮ ਵਜ਼ਨ ਹੇਠ ਦੱਬ ਕੇ ਰਹਿ ਗਈਆਂ ਹਨ। ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅੱਜ ਦਿਨੇਂ 100 ਗ੍ਰਾਮ ਵਜ਼ਨ ਵੱਧ ਹੋਣ ਕਰਕੇ ਅਯੋਗ ਕਰਾਰ ਦੇ ਦਿੱਤਾ ਗਿਆ। ਮੰਗਲਵਾਰ ਨੂੰ ਉਪਰੋਥੱਲੀ ਤਿੰਨ ਮੁਕਾਬਲੇ ਖੇਡ ਕੇ ਡੀਹਾਈਡ੍ਰੇਟ ਹੋ ਚੁੱਕੀ ਵਿਨੇਸ਼ ਨੇ ਭਾਰ ਘਟਾਉਣ ਲਈ ਹਰ ਹਰਬਾ ਵਰਤਿਆ। ਉਸ ਨੇ ‘ਘੁੱਟ-ਘੁੱਟ ਪਾਣੀ ਪੀਤਾ’, ਆਪਣੇ ਵਾਲ ਵੀ ਕੱਟੇ ਤੇ ਪੂਰੀ ਰਾਤ ਵਰਕਆਊਟ ਕਰਦੀ ਰਹੀ, ਪਰ ਗੱਲ ਨਹੀਂ ਬਣੀ। ਫੋਗਾਟ ਲਈ ਅੱਜ ਉਸ ਦੇ ਖੇਡ ਕਰੀਅਰ ਦਾ ਸਭ ਤੋਂ ਵੱਡਾ ਦਿਨ ਸੀ। ਵਿਨੇਸ਼ ਨੇ ਫਾਈਨਲ ਤੱਕ ਦੇ ਸਫ਼ਰ ਦੌਰਾਨ ਮੌਜੂਦਾ ਚੈਂਪੀਅਨ ਨੂੰ ਵੀ ਢਾਹਿਆ, ਪਰ ਅਖੀਰ ’ਚ ਉਸ ਦੇ ਆਪਣੇ ਹੀ ਸਰੀਰ ਨੇ ਉਸ ਨੂੰ ਢਾਹ ਲਿਆ। ਓਲੰਪਿਕ ਕੁਸ਼ਤੀ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਸਿਰਜਣ ਵਾਲੀ ਫੋਗਾਟ ਨੇ ਦੇਸ਼ ਲਈ ਚਾਂਦੀ ਦਾ ਤਗ਼ਮਾ ਪੱਕਾ ਕਰ ਦਿੱਤਾ ਸੀ। ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ‘ਛੋਰੀ’ ਨੂੰ ਹਾਲਾਂਕਿ ਹੁਣ ਖਾਲੀ ਹੱਥ ਪਰਤਣਾ ਹੋਵੇਗਾ। ਉਂਜ 29 ਸਾਲਾ ਪਹਿਲਵਾਨ ਨੂੰ ਡੀਹਾਈਡ੍ਰੇਸ਼ਨ (ਸਰੀਰ ਦਾ ਪਾਣੀ ਖ਼ਤਮ ਹੋਣ) ਕਰਕੇ ਅੱਜ ਖੇਡ ਪਿੰਡ ਵਿਚਲੇ ਪੋਲੀਕਲੀਨਿਕ ਵੀ ਲਿਜਾਣਾ ਪਿਆ।

ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਵਿਨੇਸ਼ ਫੋਗਾਟ ਨੂੰ ਅਯੋਗ ਐਲਾਨੇ ਜਾਣ ਮਗਰੋਂ ਇਕ ਬਿਆਨ ਵਿਚ ਕਿਹਾ, ‘‘ਮੈਂ ਖੇਡ ਪਿੰਡ ਵਿਚਲੇ ਪੋਲੀਕਲੀਨਿਕ ਵਿਚ ਵਿਨੇਸ਼ ਨੂੰ ਮਿਲੀ ਹਾਂ ਤੇ ਉਸ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ, ਭਾਰਤ ਸਰਕਾਰ ਤੇ ਪੂਰੇ ਦੇਸ਼ ਵੱਲੋਂ ਹਮਾਇਤ ਦਾ ਭਰੋਸਾ ਦਿੱਤਾ ਹੈ। ਅਸੀਂ ਵਿਨੇਸ਼ ਨੂੰ ਮੈਡੀਕਲ ਤੇ ਭਾਵਨਾਤਮਕ ਹਮਾਇਤ ਦੇ ਰਹੇ ਹਾਂ।’’ ਊਸ਼ਾ ਨੇ ਕਿਹਾ, ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਕੋਲ ਅਪੀਲ ਦਾਇਰ ਕਰਕੇ ਵਿਨੇਸ਼ ਨੂੰ ਅਯੋਗ ਐਲਾਨੇ ਜਾਣ ਸਬੰਧੀ ਫੈਸਲੇ ’ਤੇ ਮੁੜ ਗੌਰ ਕੀਤੇ ਜਾਣ ਦੀ ਅਪੀਲ ਕੀਤੀ ਹੈ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਜ਼ੋਰਦਾਰ ਢੰਗ ਨਾਲ ਇਸ ਮਾਮਲੇ ਦੀ ਪੈਰਵੀ ਕਰੇਗੀ।’’ ਇਸ ਫੈਸਲੇ ਖਿਲਾਫ਼ ਰੋਸ ਤੇ ਅਪੀਲਾਂ ਭਾਵੇਂ ਜਾਰੀ ਹਨ, ਪਰ ਤਲਖ਼ ਹਕੀਕਤ ਹੈ ਕਿ ਵਿਨੇਸ਼ ਤੋਂ ਸੈਮੀ ਫਾਈਨਲ ਵਿਚ ਹਾਰਨ ਵਾਲੀ ਕਿਊਬਾ ਦੀ ਪਹਿਲਵਾਨ ਗੂਜ਼ਮੈਨ ਲੋਪੇਜ਼ ਨੇ ਉਸ ਦੀ ਥਾਂ ਖਿਤਾਬੀ ਮੁਕਾਬਲਾ ਖੇਡਿਆ। ਭਾਰਤੀ ਖੇਡ ਦਸਤੇ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਦਿਨਸ਼ਾਅ ਪਾਰਦੀਵਾਲਾ ਨੇ ਭਾਰ ਘਟਾਉਣ ਦੇ ਅਮਲ ਨੂੰ ਵਿਸਤਾਰ ਨਾਲ ਸਮਝਾਉਂਦਿਆਂ ਕਿਹਾ ਕਿ ਵਿਨੇਸ਼ ਦਾ ਵਜ਼ਨ ਨਿਰਧਾਰਿਤ ਹੱਦ ਵਿਚ ਲਿਆਉਣ ਲਈ ਉਸ ਦੇ ਵਾਲ ਕੱਟਣ, ਸਾਰੀ ਰਾਤ ਵਰਕਆਊਟ ਕਰਨ ਤੇ ਘੁੱਟ ਘੁੱਟ ਕਰਕੇ ਪਾਣੀ ਪਿਆਉਣ ਸਣੇ ਹਰ ਸੰਭਵ ਹਰਬਾ ਵਰਤਿਆ ਗਿਆ। ਉਨ੍ਹਾਂ ਕਿਹਾ, ‘‘ਮੁੁਕਾਬਲੇ ਵਾਲੇ ਦਿਨ ਸਵੇਰੇ ਭਾਰ ਤੋਲੇ ਜਾਣ ਤੱਕ ਭਾਰ ਘਟਾਉਣ ਦੇ ਅਮਲ ਵਿਚ ਕਸਰਤ ਅਤੇ ਸੌਨਾ ਤੋਂ ਪਸੀਨਾ ਵਹਾਉਣ ਦੇ ਨਾਲ ਭੋਜਨ ਅਤੇ ਪਾਣੀ ਦੀ ਗਿਣੀ-ਮਿੱਥੀ ਪਾਬੰਦੀ ਸ਼ਾਮਲ ਹੁੰਦੀ ਹੈ। ਇਹ ਭਾਰ ਘਟਾਉਣਾ ਕਮਜ਼ੋਰੀ ਤੇ ਊਰਜਾ ਦੀ ਕਮੀ ਦਾ ਕਾਰਨ ਬਣਦਾ ਹੈ। ਊਰਜਾ ਬਹਾਲੀ ਲਈ ਸੀਮਤ ਪਾਣੀ ਅਤੇ ਉੱਚ ਊਰਜਾ ਵਾਲੇ ਭੋਜਨ ਦਿੱਤੇ ਜਾਂਦੇ ਹਨ। ਵਿਨੇਸ਼ ਦੇ ਨਿਊਟ੍ਰੀਸ਼ਨਿਸਟ ਨੇ ਇਹ 1.5 ਕਿਲੋ ਗਿਣਿਆ ਸੀ। ਕਦੇ-ਕਦੇ ਮੁਕਾਬਲੇ ਤੋਂ ਬਾਅਦ ਉਲਟਾ ਭਾਰ ਵਧਣ ਲੱਗਦਾ ਹੈ।’’

ਪਾਰਦੀਵਾਲਾ ਨੇ ਕਿਹਾ ਕਿ ਮੰਗਲਵਾਰ ਨੂੰ ਉਪਰੋਥੱਲੀ ਤਿੰਨ ਮੁਕਾਬਲਿਆਂ, ਜਿਸ ਵਿਚ ਵਿਨੇਸ਼ ਦੀ ਊਰਜਾ ਨੁੱਚੜ ਗਈ, ਮਗਰੋਂ ਮਹਿਲਾ ਪਹਿਲਵਾਨ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਲਈ ਬਹੁਤ ਘੱਟ ਮਾਤਰਾ ਵਿਚ ਪਾਣੀ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ‘‘ਮੈਚ ਤੋਂ ਬਾਅਦ ਉਸ ਦਾ ਭਾਰ ਵੱਧ ਨਿਕਲਿਆ ਸੀ। ਇਸ ਮਗਰੋਂ ਕੋਚ ਨੇ ਵਜ਼ਨ ਘਟਾਉਣ ਲਈ ਸਧਾਰਨ ਅਮਲ ਸ਼ੁਰੂ ਕੀਤਾ ਸੀ, ਜੋ ਉਹ ਪਹਿਲਾਂ ਵੀ ਵਿਨੇਸ਼ ’ਤੇ ਵਰਤ ਚੁੱਕੇ ਸੀ ਤੇ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਇਸ ਨਾਲ ਲੋੜੀਂਦੇ ਨਤੀਜੇ ਮਿਲਣਗੇ। ਪਾਰਦੀਵਾਲਾ ਨੇ ਕਿਹਾ, ‘‘ਵਾਲ ਕੱਟਣ ਸਣੇ ਸਾਰੇ ਸੰਭਵ ਸਖ਼ਤ ਉਪਰਾਲੇ ਵਰਤੇ ਗਏ, ਪਰ ਉਹ ਆਪਣੇ ਨਿਰਧਾਰਿਤ ਵਜ਼ਨ 50 ਕਿਲੋ ਤੋਂ ਹੇਠਾਂ ਨਹੀਂ ਸੀ।’’ ਕੌਮਾਂਤਰੀ ਨੇਮਾਂ ਮੁਤਾਬਕ ਜੇ ਮੁਕਾਬਲੇ ਤੋਂ ਪਹਿਲਾਂ ਭਾਰ ਜੋਖੇ ਜਾਣ ਤੋਂ ਪਹਿਲਾਂ ਕੋਈ ਪਹਿਲਵਾਨ ਓਵਰਵੇਟ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੁਕਾਬਲੇ ਦੀ ਫਾਈਨਲ ਸਟੈਂਡਿੰਗਜ਼ ਵਿਚ ਸਭ ਤੋਂ ਹੇਠਲੇ ਸਥਾਨ ’ਤੇ ਰੱਖਿਆ ਜਾਂਦਾ ਹੈ। ਕੁਆਰਟਰ ਫਾਈਨਲ ਵਿਚ ਜਪਾਨ ਦੀ ਮੌਜੂਦਾ ਚੈਂਪੀਅਨ ਯੂਈ ਸੁਸਾਕੀ ਨੂੰ ਸ਼ਿਕਸਤ ਦੇਣ ਵਾਲੀ ਵਿਨੇਸ਼ ਫੋਗਾਟ ਨੇ ਫਾਈਨਲ ਵਿਚ ਅਮਰੀਕਾ ਦੀ ਏ.ਹਿਲਦੇਬਰਾਂਟ ਨਾਲ ਮੱਥਾ ਲਾਉਣਾ ਸੀ।

ਉਧਰ ਪੈਰਿਸ ਖੇਡਾਂ ਦੀ ਆਰਗੇਨਾਈਜ਼ਿੰਗ ਕਮੇਟੀ ਨੇ ਇਕ ਬਿਆਨ ਵਿਚ ਕਿਹਾ, ‘‘ਵਿਨੇਸ਼ ਦੂਜੇ ਦਿਨ ਵਜ਼ਨ ਤੋਲੇ ਜਾਣ ਮੌਕੇ ਆਪਣੇ ਭਾਰ (50 ਕਿਲੋ) ਨੂੰ ਬਰਕਰਾਰ ਰੱਖਣ ਵਿਚ ਨਾਕਾਮ ਰਹੀ। ਕੌਮਾਂਤਰੀ ਕੁਸ਼ਤੀ ਨੇਮਾਂ ਦੀ ਧਾਰਾ 11 ਮੁਤਾਬਕ, ਵਿਨੇਸ਼ ਦੀ ਥਾਂ ਹੁਣ ਫਾਈਨਲ ਵਿਚ ਕਿਊਬਾ ਦੀ ਗੂਜ਼ਮੈਨ ਲੋਪੇਜ਼ ਖੇਡੇਗੀ, ਜੋ ਸੈਮੀ ਫਾਈਨਲ ਵਿਚ ਭਾਰਤੀ ਪਹਿਲਵਾਨ ਤੋਂ ਹਾਰ ਗਈ ਸੀ।’’ ਕਮੇਟੀ ਨੇ ਕਿਹਾ ਕਿ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ਵਿਚ ਰੈਪੇਚੇਜ਼ ਯੂਈ ਸੁਸਾਕੀ ਯੂਕਰੇਨ ਦੀ ਓਕਸਾਨਾ ਲਿਵਾਚ ਨਾਲ ਦੋ ਦੋ ਹੱਥ ਕਰੇਗੀ। ਲਿਹਾਜ਼ਾ 50 ਕਿਲੋ ਭਾਰ ਵਰਗ ਵਿਚ ਹੁਣ ਕਾਂਸੇ ਦੇ ਦੋ ਤਗ਼ਮਿਆਂ ਦੀ ਥਾਂ ਸਿਰਫ਼ ਇਕ ਤਗ਼ਮਾ ਹੀ ਦਿੱਤਾ ਜਾਵੇਗਾ।
 

More in ਖੇਡਾਂ

ਤਲਾਕਸਕਾਲਾ (ਮੈਕਸੀਕੋ)-ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ...
ਹੁਲੁਨਬੂਈਰ (ਚੀਨ)-ਟੂਰਨਾਮੈਂਟ ’ਚ ਇੱਕ ਵੀ ਮੈਚ ਨਾ ਹਾਰਨ ਵਾਲੀ ਭਾਰਤੀ ਹਾਕੀ ਟੀਮ ਨੇ ਅੱਜ ਇੱਥੇ...
ਹੁਲੁਨਬੂਈਰ (ਚੀਨ)- ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਮੇਜ਼ਬਾਨ...
ਚੈਟੋਰੌਕਸ- ਨਿਸ਼ਾਨੇਬਾਜ਼ ਅਵਨੀ ਲੇਖਰਾ ਪੈਰਾਲੰਪਿਕ ਖੇਡਾਂ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲੀ...
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪੈਰਿਸ ਓਲੰਪਿਕ ਖੇਡਾਂ ਵਿੱਚ...
ਪੈਰਿਸ- ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਦੀ ਐਡਹਾਕ ਡਿਵੀਜ਼ਨ ਨੇ ਓਲੰਪਿਕ ਫਾਈਨਲ ਤੋਂ ਪਹਿਲਾਂ...
ਪੈਰਿਸ- ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਦੀ ਐਡਹਾਕ ਡਿਵੀਜ਼ਨ ਨੇ ਭਾਰਤੀ ਮਹਿਲਾ ਪਹਿਲਵਾਨ...
ਪੈਰਿਸ- ਪੈਰਿਸ ’ਚ 33ਵੀਆਂ ਓਲੰਪਿਕ ਖੇਡਾਂ ਦੀ ਅੱਜ ਰੰਗਾਰੰਗ ਅੰਦਾਜ਼ ’ਚ ਸਮਾਪਤੀ ਹੋ ਗਈ।...
ਪੈਰਿਸ-ਭਾਰਤ ਦੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿਚ ਅੱਜ ਗ੍ਰੇਟ ਬ੍ਰਿਟੇਨ...
ਚੈਟੋਰੌਕਸ- ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅੱਜ ਇੱਥੇ ਮਹਿਲਾ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ...
ਚੈਟੋਰੌਕਸ - ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕ ਵਿੱਚ ਦੋ...
ਹਰਾਰੇ-ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੇ ਨੀਮ ਸੈਂਕੜੇ (58 ਦੌੜਾਂ) ਅਤੇ ਫਿਰ ਮੁਕੇਸ਼ ਕੁਮਾਰ...
Home  |  About Us  |  Contact Us  |  
Follow Us:         web counter