ਪੈਰਿਸ-ਭਾਰਤ ਦੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿਚ ਅੱਜ ਗ੍ਰੇਟ ਬ੍ਰਿਟੇਨ ਨੂੰ ਸ਼ੂਟ-ਆਊਟ ਵਿਚ 4-2 ਨਾਲ ਹਰਾ ਕੇ ਸੈਮੀ ਫਾਈਨਲ ਵਿਚ ਪਹੁੰਚ ਗਈ ਹੈ। ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼, ਜੋ ਆਪਣਾ ਆਖਰੀ ਓਲੰਪਿਕ ਖੇਡ ਰਿਹਾ ਹੈ, ਭਾਰਤ ਦੀ ਜਿੱਤ ਦਾ ਨਾਇਕ ਰਿਹਾ ਤੇ ਭਾਰਤੀ ਗੋਲ ਪੋਸਟ ਅੱਗੇ ‘ਕੰਧ’ ਬਣ ਕੇ ਡਟਿਆ ਰਿਹਾ। ਸ੍ਰੀਜੇਸ਼ ਨੇ ਨਾ ਸਿਰਫ਼ ਸ਼ੂਟ-ਆਊਟ ਦੌਰਾਨ ਬਲਕਿ ਮੈਚ ਦੌਰਾਨ ਕਈ ਮੌਕਿਆਂ ’ਤੇ ਬਰਤਾਨਵੀ ਟੀਮ ਦੇ ਹੱਲਿਆਂ ਨੂੰ ਨਾਕਾਮ ਕੀਤਾ। ਬਰਤਾਨਵੀ ਟੀਮ ਨੇ ਪੂਰੇ ਮੈਚ ਦੌਰਾਨ 28 ਵਾਰ ਭਾਰਤੀ ਗੋਲ ’ਤੇ ਹਮਲਾ ਕੀਤਾ ਤੇ ਮਹਿਜ਼ ਇਕ ਵਾਰ ਉਸ ਨੂੰ ਸਫਲਤਾ ਮਿਲੀ। ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ 1-1 ਦੇ ਸਕੋਰ ਨਾਲ ਬਰਾਬਰ ਰਹੀਆਂ ਤੇ ਮੁਕਾਬਲਾ ਸ਼ੂਟ-ਆਊਟ ਤੱਕ ਗਿਆ।
ਸ਼ੂਟ-ਆਊਟ ਵਿਚ ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਲਲਿਤ ਉਪਾਧਿਆਏ ਤੇ ਰਾਜਕੁਮਾਰ ਪਾਲ ਨੇ ਗੋਲ ਕੀਤੇ ਜਦੋਂਕਿ ਇੰਗਲੈਂਡ ਲਈ ਜੇਮਜ਼ ਐਲਬਰੇ ਤੇ ਜ਼ੈਕ ਵਾਲੇਸ ਹੀ ਗੋਲ ਕਰ ਸਕੇ। ਕੋਨੋਰ ਵਿਲੀਅਮਸਨ ਦਾ ਨਿਸ਼ਾਨਾ ਖੁੰਝਿਆ ਤੇ ਫਿਲਿਪ ਰੋਪਰ ਦੇ ਸ਼ਾਟ ਨੂੰ ਸ੍ਰੀਜੇਸ਼ ਨੇ ਬਚਾਇਆ। ਭਾਰਤ ਨੇ ਇਹ ਅਹਿਮ ਜਿੱਤ ਅਜਿਹੇ ਮੌਕੇ ਦਰਜ ਕੀਤੀ, ਜਦੋਂ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਆਪਣੇ ਅਹਿਮ ਡਿਫੈਂਡਰ ਤੇ ਪਹਿਲੇ ਰਸ਼ਰ ਅਮਿਤ ਰੋਹੀਦਾਸ ਨੂੰ ਰੈਫਰੀ ਵੱਲੋਂ ਰੈੱਡ ਕਾਰਡ ਦਿਖਾਏ ਜਾਣ ਕਰਕੇ 80 ਫੀਸਦ ਮੈਚ ਦਸ ਖਿਡਾਰੀਆਂ ਨਾਲ ਖੇਡੀ। ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿਚ ਵੀ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਆਖਰੀ ਚਾਰ ਵਿਚ ਥਾਂ ਬਣਾਈ ਸੀ। ਭਾਰਤ ਹੁਣ 6 ਅਗਸਤ ਨੂੰ ਸੈਮੀ ਫਾਈਨਲ ਮੁਕਾਬਲਾ ਖੇਡੇਗਾ।