ਚੈਟੋਰੌਕਸ- ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅੱਜ ਇੱਥੇ ਮਹਿਲਾ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਪਹੁੰਚ ਗਈ ਅਤੇ ਉਸ ਦੀਆਂ ਨਜ਼ਰਾਂ ਹੁਣ ਓਲੰਪਿਕ ’ਚ ਤੀਜਾ ਤਗ਼ਮਾ ਜਿੱਤਣ ’ਤੇ ਹਨ। ਮਨੂ ਨੇ ਅੱਜ ਔਰਤਾਂ ਦੇ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਗੇੜ ਦੇ ਪ੍ਰੀਸਿਜ਼ਨ ਰਾਊਂਡ ’ਚ 294 ਅੰਕ ਅਤੇ ਰੈਪਿਡ ਰਾਊਂਡ ’ਚ 296 ਅੰਕਾਂ ਨਾਲ ਕੁੱਲ 590 ਦਾ ਸਕੋਰ ਬਣਾਉਂਦਿਆਂ ਦੂਜੇ ਸਥਾਨ ’ਤੇ ਰਹਿ ਕੇ ਫਾਈਨਲ ’ਚ ਜਗ੍ਹਾ ਬਣਾਈ ਪਰ ਈਸ਼ਾ ਸਿੰਘ ਮੁਕਾਬਲੇ ’ਚੋਂ ਬਾਹਰ ਹੋ ਗਈ। ਮਨੂ ਨੇ ਪੈਰਿਸ ਖੇਡਾਂ ਵਿੱਚ ਵਿਅਕਤੀਗਤ 10 ਮੀਟਰ ਏਅਰ ਪਿਸਟਲ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਸਰਬਜੋਤ ਨਾਲ ਮਿਲ ਕੇ ਮਿਕਸਡ ਟੀਮ ਵਰਗ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ। ਉਹ ਇੱਕ ਹੀ ਓਲੰਪਿਕ ’ਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ।
ਮਨੂ ਨੇ ਪ੍ਰੀਸਿਜ਼ਨ ਰਾਊਂਡ ਵਿੱਚ 10-10 ਨਿਸ਼ਾਨਿਆਂ ਦੀ ਤਿੰਨ ਸੀਰੀਜ਼ ਵਿੱਚ ਕ੍ਰਮਵਾਰ 97, 98 ਅਤੇ 99 ਅੰਕ ਜੋੜੇ। ਰੈਪਿਡ ਰਾਊਂਡ ਵਿੱਚ ਉਸ ਨੇ ਤਿੰਨ ਸੀਰੀਜ਼ ਵਿੱਚ 100, 98 ਅਤੇ 98 ਅੰਕ ਹਾਸਲ ਕੀਤੇ। ਹੰਗਰੀ ਦੀ ਵੈਰੋਨਿਕਾ ਮੇਜਰ ਨੇ 592 ਅੰਕ ਨਾਲ ਓਲੰਪਿਕ ਦੇ ਕੁਆਲੀਫਿਕੇਸ਼ਨ ਰਿਕਾਰਡ ਦੀ ਬਰਾਬਰੀ ਕਰਦਿਆਂ ਸਿਖਰਲਾ ਸਥਾਨ ਹਾਸਲ ਕੀਤਾ। ਇਸ਼ਾ ਪ੍ਰੀਸਿਜ਼ਨ ਵਿੱਚ 291 ਅਤੇ ਰੈਪਿਡ ਵਿੱਚ 290 ਅੰਕ ਨਾਲ ਕੁੱਲ 581 ਅੰਕ ਬਣਾ ਕੇ 18ਵੇਂ ਸਥਾਨ ’ਤੇ ਰਹੀ ਅਤੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ। ਉਸ ਨੇ ਪ੍ਰੀਸਿਜ਼ਨ ਦੀਆਂ ਪਹਿਲੀਆਂ ਦੋ ਸੀਰੀਜ਼ ਵਿੱਚ 95 ਅਤੇ 96 ਅੰਕ ਹਾਸਲ ਕਰਨ ਮਗਰੋਂ 100 ਅੰਕ ਨਾਲ ਜ਼ਬਰਦਸਤ ਵਾਪਸੀ ਕੀਤੀ ਪਰ ਰੈਪਿਡ ਰਾਊਂਡ ਵਿੱਚ 97, 96 ਅਤੇ 97 ਅੰਕ ਹੀ ਹਾਸਲ ਕਰ ਸਕੀ। ਇਸ ਮੁਕਾਬਲੇ ਦਾ ਫਾਈਨਲ ਸ਼ਨਿੱਚਰਵਾਰ ਤਿੰਨ ਅਗਸਤ ਨੂੰ ਖੇਡਿਆ ਜਾਵੇਗਾ ।