ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਮਨੀ ਚੋਣਾਂ ਦਰਮਿਆਨ ਅੱਜ ਖ਼ੁਦ ਹੀ ਆਮ ਆਦਮੀ ਪਾਰਟੀ (ਆਪ) ਦੀ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪਾਰਟੀ ਦਾ ਪੂਰੇ ਸਮੇਂ ਲਈ ਪ੍ਰਧਾਨ ਬਣਾਇਆ ਜਾਵੇ। ਭਗਵੰਤ ਮਾਨ ਦੇ ਇਸ ਖ਼ੁਲਾਸੇ ਨਾਲ ‘ਆਪ’ ਦਾ ਨਵਾਂ ਪ੍ਰਧਾਨ ਬਣਾਏ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪਾਰਟੀ ਹਾਈ ਕਮਾਨ ਵੱਲੋਂ ਨਵਾਂ ਪ੍ਰਧਾਨ ਲਾਏ ਜਾਣ ਨੂੰ ਅੰਤਿਮ ਛੋਹ ਦਿੱਤੀ ਜਾ ਰਹੀ ਹੈ ਅਤੇ ਇਸ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਦੱਸਣਯੋਗ ਹੈ ਕਿ ਭਗਵੰਤ ਮਾਨ ਸ਼ਨਿਚਰਵਾਰ ਨੂੰ ਦਿੱਲੀ ’ਚ ਕੇਂਦਰੀ ਮੰਤਰੀ ਜੇਪੀ ਨੱਢਾ ਨੂੰ ਮਿਲਣ ਗਏ ਸਨ ਅਤੇ ਅੱਜ ਉਹ ਸਿੱਧੇ ਚੱਬੇਵਾਲ ’ਚ ਚੋਣ ਪ੍ਰਚਾਰ ਲਈ ਪੁੱਜੇ ਜਿੱਥੇ ਉਨ੍ਹਾਂ ਪ੍ਰਧਾਨਗੀ ਛੱਡਣ ਦੀ ਗੱਲ ਆਖੀ। ਇਸ ਮਗਰੋਂ ਮੁੱਖ ਮੰਤਰੀ ਡੇਰਾ ਬਾਬਾ ਨਾਨਕ ਹਲਕੇ ਵਿਚ ਪ੍ਰਚਾਰ ਲਈ ਗਏ। ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਮਗਰੋਂ ਭਗਵੰਤ ਮਾਨ ਮੁੜ ਦਿੱਲੀ ਚਲੇ ਗਏ ਹਨ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ‘ਆਪ’ ਦੀ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਇੱਛਾ ਪਹਿਲਾਂ ਹੀ ਹਾਈ ਕਮਾਨ ਕੋਲ ਜ਼ਾਹਰ ਕਰ ਚੁੱਕੇ ਹਨ।
ਕੁੱਝ ਦਿਨ ਪਹਿਲਾਂ ਚਰਚਾ ਛਿੜੀ ਸੀ ਕਿ ‘ਆਪ’ ਵੱਲੋਂ ਪਾਰਟੀ ਦੀ ਜ਼ਿੰਮੇਵਾਰੀ ਨਵੇਂ ਚਿਹਰੇ ਨੂੰ ਸੌਂਪੀ ਜਾ ਸਕਦੀ ਹੈ। ਭਗਵੰਤ ਮਾਨ ਨੇ ਆਖ ਦਿੱਤਾ ਹੈ ਕਿ ਉਨ੍ਹਾਂ ਕੋਲ ਬਤੌਰ ਮੁੱਖ ਮੰਤਰੀ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਜਿਸ ਕਰਕੇ ਪਾਰਟੀ ਦੀ ਜ਼ਿੰਮੇਵਾਰੀ ਦਾ ਭਾਰ ਕਿਸੇ ਹੋਰ ਦੇ ਮੋਢਿਆਂ ’ਤੇ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀਆਂ ਵੰਡੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਹਰ ਕਿਸੇ ਨੂੰ ਮੌਕਾ ਮਿਲਣਾ ਚਾਹੀਦਾ ਹੈ।
ਸਿਆਸੀ ਹਲਕਿਆਂ ਮੁਤਾਬਕ ਨਵੇਂ ਪ੍ਰਧਾਨ ਦਾ ਫ਼ੈਸਲਾ ਜ਼ਿਮਨੀ ਚੋਣਾਂ ਮਗਰੋਂ ਹੋ ਸਕਦਾ ਹੈ ਪ੍ਰੰਤੂ ਜਾਣਕਾਰੀ ਮੁਤਾਬਕ ‘ਆਪ’ ਨੇ ਨਵੇਂ ਪ੍ਰਧਾਨ ਲਈ ਚਿਹਰਾ ਤਲਾਸ਼ ਲਿਆ ਹੈ। ‘ਆਪ’ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਮੌਕੇ ਸਿਆਸੀ ਗਿਣਤੀ-ਮਿਣਤੀ ਦਾ ਖ਼ਿਆਲ ਰੱਖਿਆ ਜਾਵੇਗਾ। ਚਰਚਾ ਹੈ ਕਿ ਨਵੀਂ ਪ੍ਰਧਾਨਗੀ ਲਈ ਹਿੰਦੂ ਜਾਂ ਦਲਿਤ ਚਿਹਰੇ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਉਂਜ ਸੂਤਰ ਦੱਸਦੇ ਹਨ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਨਾਮ ਪ੍ਰਧਾਨਗੀ ਲਈ ਵਿਚਾਰਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕਰੀਬ ਸੱਤ ਵਰ੍ਹੇ ਪਹਿਲਾਂ ਭਗਵੰਤ ਮਾਨ ਨੂੰ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਦੀ ਪ੍ਰਧਾਨਗੀ ਹੇਠ ਪਾਰਟੀ ਨੇ ਪੰਜਾਬ ਵਿਚ ਸਰਕਾਰ ਬਣਾਈ ਹੈ।