ਕਜ਼ਾਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਬਰਿੱਕਸ ਸਿਖਰ ਸੰਮੇਲਨ ਤੋਂ ਪਾਸੇ ਦੁਵੱਲੀ ਗੱਲਬਾਤ ਕੀਤੀ। ਦੋਵਾਂ ਆਗੂਆਂ ਦਰਮਿਆਨ ਪਿਛਲੇ ਪੰਜ ਸਾਲਾਂ ਵਿਚ ਇਹ ਪਲੇਠੀ ਰਸਮੀ ਬੈਠਕ ਸੀ। ਇਸ ਦੌਰਾਨ ਦੋਵਾਂ ਆਗੂਆਂ ਨੇ ਸਹਿਮਤੀ ਦਿੱਤੀ ਕਿ ਭਾਰਤ ਤੇ ਚੀਨ ‘ਪਰਿਪੱਕਤਾ ਤੇ ਆਪਸੀ ਸਤਿਕਾਰ’ ਦਿਖਾ ਕੇ ‘ਸ਼ਾਂਤੀਪੂਰਨ ਤੇ ਸਥਿਰ’ ਰਿਸ਼ਤੇ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ ਵਿਚ ਪੈਟਰੋਲਿੰਗ ਪੁਆਇਟਾਂ ਨੂੰ ਲੈ ਕੇ ਬਣੀ ਸਹਿਮਤੀ ਦੀ ਵੀ ਤਾਈਦ ਕੀਤੀ।
ਬੈਠਕ ਦੌਰਾਨ ਸ੍ਰੀ ਮੋਦੀ ਨੇ ਵੱਖਰੇਵਿਆਂ ਤੇ ਝਗੜੇ ਝੇੜਿਆਂ ਨੂੰ ਸਹੀ ਤਰੀਕੇ ਨਾਲ ਨਜਿੱਠਣ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਵਜ੍ਹਾ ਨਾ ਬਣਨ ਦਿੱਤਾ ਜਾਵੇ। ਸ੍ਰੀ ਮੋਦੀ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘‘ਭਾਰਤ ਤੇ ਚੀਨ ਦੇ ਰਿਸ਼ਤੇ ਦੋਵਾਂ ਮੁਲਕਾਂ ਦੇ ਲੋਕਾਂ, ਅਤੇ ਖੇਤਰੀ ਤੇ ਆਲਮੀ ਸ਼ਾਂਤੀ ਤੇ ਸਥਿਰਤਾ ਲਈ ਅਹਿਮ ਹਨ।’’ ਉਨ੍ਹਾਂ ਕਿਹਾ, ‘‘ਆਪਸੀ ਵਿਸ਼ਵਾਸ, ਸਤਿਕਾਰ ਤੇ ਸੰਵੇਦਨਸ਼ੀਲਤਾ ਦੁਵੱਲੇ ਰਿਸ਼ਤਿਆਂ ਨੂੰ ਸੇਧ ਦੇਣਗੇ।’’
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਮੋਦੀ ਤੇ ਸ਼ੀ ਨੇ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਆਪੋ ਆਪਣੇ ਵਿਸ਼ੇਸ਼ ਪ੍ਰਤੀਨਿਧਾਂ ਨੂੰ ਹਦਾਇਤ ਕੀਤੀ ਕਿ ਉਹ ਜਲਦੀ ਮਿਲਣ ਤੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ। ਉਨ੍ਹਾਂ ਕਿਹਾ, ‘‘ਅਸੀਂ ਆਸ ਕਰਦੇ ਹਾਂ ਕਿ ਵਿਸ਼ੇਸ਼ ਪ੍ਰਤੀਨਿਧਾਂ ਦੀ ਅਗਲੀ ਬੈਠਕ ਢੁੁਕਵੇਂ ਸਮੇਂ ’ਤੇ ਹੋਵੇਗੀ।’’ ਵਿਦੇਸ਼ ਸਕੱਤਰ ਨੇ ਕਿਹਾ ਕਿ ਮੋਦੀ ਤੇ ਸ਼ੀ ਨੇ ਰਣਨੀਤਕ ਤੇ ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਦੁਵੱਲੇ ਰਿਸ਼ਤਿਆਂ ਉੱਤੇ ਨਜ਼ਰਸਾਨੀ ਕੀਤੀ ਅਤੇ ਦੋਵਾਂ ਆਗੂਆਂ ਦਾ ਮੰਨਣਾ ਸੀ ਕਿ ਦੋਵਾਂ ਦੇਸ਼ਾਂ ਦਰਮਿਆਨ ਸਥਿਰ ਰਿਸ਼ਤਿਆਂ ਦਾ ਖੇਤਰੀ ਅਤੇ ਆਲਮੀ ਸ਼ਾਂਤੀ ਤੇ ਖੁਸ਼ਹਾਲੀ ਉੱਤੇ ਸਕਾਰਾਤਮਕ ਅਸਰ ਪਏਗਾ। ਮਿਸਰੀ ਨੇ ਕਿਹਾ ਕਿ ਮੋਦੀ ਤੇ ਸ਼ੀ ਨੇ ਜ਼ੋਰ ਦਿੱਤਾ ਕਿ ਪਰਿਪੱਕਤਾ ਤੇ ਸਮਝਦਾਰੀ ਅਤੇ ਇਕ ਦੂਜੇ ਪ੍ਰਤੀ ਆਪਸੀ ਸਤਿਕਾਰ ਦਿਖਾਉਣ ਨਾਲ ਭਾਰਤ ਤੇ ਚੀਨ ਦੇ ਸ਼ਾਂਤੀਪੂਰਨ ਤੇ ਸਥਿਰ ਸਬੰਧ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਅਮਨ ਦੀ ਬਹਾਲੀ ਨਾਲ ਰਿਸ਼ਤਿਆਂ ਨੂੰ ਆਮ ਵਾਂਗ ਕਰਨ ਦੀ ਦਿਸ਼ਾ ਵੱਲ ਮੋੜਾ ਪਏਗਾ। ਬੈਠਕ ਇਕ ਘੰਟੇ ਦੇ ਕਰੀਬ ਚੱਲੀ। ਪਿਛਲੇ ਪੰਜ ਸਾਲਾਂ ਵਿਚ ਦੋਵਾਂ ਆਗੂਆਂ ਦਰਮਿਆਨ ਇਹ ਪਹਿਲੀ ਰਸਮੀ ਬੈਠਕ ਹੈ।
ਮੋਦੀ ਤੇ ਸ਼ੀ ਅਜਿਹੇ ਮੌਕੇ ਇਕ ਦੂਜੇ ਦੇ ਰੂਬਰੂ ਹੋਏ ਹਨ ਜਦੋਂ ਅਜੇ ਦੋ ਦਿਨ ਪਹਿਲਾਂ ਭਾਰਤ ਤੇ ਚੀਨ ਨੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਨਾਲ ਪਿਛਲੇ ਚਾਰ ਸਾਲਾਂ ਤੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਬਣੇ ਜਮੂਦ ਨੂੰ ਤੋੜਦਿਆਂ ਕੁਝ ਪੈਟਰੋਲਿੰਗ (ਗਸ਼ਤ) ਪੁਆਇੰਟਾਂ ਉੱਤੇ ਮਈ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਸਹਿਮਤੀ ਦਿੱਤੀ ਹੈ। ਇਸ ਤੋਂ ਪਹਿਲਾਂ ਮੋਦੀ ਤੇ ਸ਼ੀ ਨੇ ਨਵੰਬਰ 2022 ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਵੱਲੋਂ ਜੀ20 ਆਗੂਆਂ ਦੇ ਮਾਣ ਵਿਚ ਦਿੱਤੇ ਰਾਤਰੀ ਭੋਜ ਮੌਕੇ ਰਸਮੀ ਦੁਆ ਸਲਾਮ ਤੇ ਸੰਖੇਪ ਗੱਲਬਾਤ ਕੀਤੀ ਸੀ। ਪਿਛਲੇ ਸਾਲ ਅਗਸਤ ਵਿਚ ਵੀ ਭਾਰਤੀ ਪ੍ਰਧਾਨ ਮੰਤਰੀ ਤੇ ਚੀਨੀ ਰਾਸ਼ਟਰਪਤੀ ਨੇ ਜੌਹੈੱਨਸਬਰਗ ਵਿਚ ਬਰਿੱਕਸ (ਬ੍ਰਾਜ਼ੀਲ-ਰੂਸ-ਇੰਡੀਆ-ਚੀਨ-ਦੱਖਣੀ ਅਫ਼ਰੀਕਾ) ਵਾਰਤਾ ਤੋਂ ਇਕਪਾਸੇ ਸੰਖੇਪ ਤੇ ਗੈਰਰਸਮੀ ਗੁਫ਼ਤਗੂ ਕੀਤੀ ਸੀ। ਦੋਵਾਂ ਆਗੂਆਂ ਨੇ ਆਖਰੀ ਵਾਰ ਅਕਤੂਬਰ 2019 ਵਿਚ ਮਾਮੱਲਾਪੁਰਮ ਵਿਚ ਦੂਜੀ ਗੈਰਰਸਮੀ ਗੱਲਬਾਤ ਦੌਰਾਨ ਢਾਂਚਾਗਤ ਬੈਠਕ ਕੀਤੀ ਸੀ। ਪੂਰਬੀ ਲੱਦਾਖ ਦੀ ਸਰਹੱਦ ਉੱਤੇ ਚੀਨ ਨਾਲ ਵਿਵਾਦ ਮਈ 2020 ਵਿਚ ਦੋਵਾਂ ਦੇਸ਼ਾਂ ਦੇ ਸਲਾਮਤੀ ਦਸਤਿਆਂ ਦਰਮਿਆਨ ਗਲਵਾਨ ਵਾਦੀ ਵਿਚ ਹਿੰਸਕ ਝੜਪ ਨਾਲ ਸ਼ੁਰੂ ਹੋਇਆ ਸੀ।